ਖੇਡ ਮੰਤਰੀ ਨੇ ਮਹਿਲਾ ਕ੍ਰਿਕਟ ਟੀਮ ਨੂੰ ਕੀਤਾ ਸਨਮਾਨਤ

07/27/2017 2:42:38 PM

ਨਵੀਂ ਦਿੱਲੀ— ਖੇਡ ਮੰਤਰੀ ਵਿਜੇ ਗੋਇਲ ਨੇ ਅੱਜ ਆਈ.ਸੀ.ਸੀ. ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਮਹਿਲਾ ਕ੍ਰਿਕਟ ਟੀਮ ਨੂੰ ਸਨਮਾਨਤ ਕਰਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਨੂੰ ਕਰੀਅਰ ਬਦਲ ਦੇ ਰੂਪ 'ਚ ਅਪਣਾਉਣ ਦੀ ਪ੍ਰੇਰਨਾ ਮਿਲੇਗੀ। ਭਾਰਤ ਨੁੰ ਮੇਜ਼ਬਾਨ ਇੰਗਲੈਂਡ ਨੇ ਫਾਈਨਲ 'ਚ 9 ਦੌੜਾਂ ਨਾਲ ਹਰਾਇਆ। ਗੋਇਲ ਨੇ ਕਿਹਾ, ''ਸਾਡੀ ਮਹਿਲਾ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੀ ਜਿੰਨੀ ਵੀ ਤਾਰੀਫ ਕਰੋ ਘੱਟ ਹੀ ਹੋਵੇਗੀ। ਉਪ ਜੇਤੂ ਰਹਿਣ ਦੇ ਬਾਵਜੂਦ ਮੈਨੂੰ ਲਗਦਾ ਹੈ ਕਿ ਭਾਰਤੀ ਟੀਮ ਚੈਂਪੀਅਨ ਰਹੀ ਕਿਉਂਕਿ ਇਸ ਨੇ ਸਾਰੇ ਦੇਸ਼ ਦਾ ਦਿਲ ਜਿੱਤਿਆ।''

ਉਨ੍ਹਾਂ ਕਿਹਾ, ''ਇਸ ਨਾਲ ਨੌਜਵਾਨਾਂ ਨੂੰ ਪ੍ਰੇਰਨਾ ਮਿਲੀ ਹੈ। ਸਾਰੇ ਦੇਸ਼ ਦੀਆਂ ਲੱਖਾਂ ਲੜਕੀਆਂ ਇਸ 'ਚ ਕਰੀਅਰ ਬਣਾਉਣ ਦੇ ਲਈ ਪ੍ਰੇਰਿਤ ਹੋਣਗੀਆਂ। ਉਨ੍ਹਾਂ ਇਕ ਬਿਆਨ 'ਚ ਕਿਹਾ, ਰੀਓ ਓਲੰਪਿਕ ਤੋਂ ਲੈ ਕੇ ਪੈਰਾਲੰਪਿਕ ਤੱਕ ਅਤੇ ਹਾਕੀ, ਕੁਸ਼ਤੀ, ਬੈਡਮਿੰਟਨ ਅਤੇ ਹੁਣ ਕ੍ਰਿਕਟ 'ਚ ਭਾਰਤੀ ਮਹਿਲਾਵਾਂ ਕੌਮਾਂਤਰੀ ਪੱਧਰ 'ਤੇ ਪਰਚਮ ਲਹਿਰਾ ਰਹੀਆਂ ਹਨ। ਇਨ੍ਹਾਂ ਦਾ ਸੰਦੇਸ਼ ਸਾਫ ਹੈ...ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਹੁਣ ਬੇਟੀ ਖਿਡਾਓ।'' ਭਾਰਤੀ ਕਪਤਾਨ ਮਿਤਾਲੀ ਰਾਜ ਨੇ ਇਸ ਮੌਕੇ 'ਤੇ ਟੀਮ ਦੇ ਹਰ ਮੈਂਬਰ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਪ੍ਰਧਾਨਮੰਤਰੀ ਅਤੇ ਖੇਡ ਮੰਤਰੀ ਨੂੰ ਹੱਲਾਸ਼ੇਰੀ ਦੇਣ ਦੇ ਲਈ ਧੰਨਵਾਦ ਕੀਤਾ।