Sport''s Wrap up 12 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

01/12/2019 10:25:42 PM

ਸਪੋਰਟਸ ਡੈੱਕਸ— ਆਸਟਰੇਲੀਆ ਨੇ ਭਾਰਤ ਨੂੰ ਪਹਿਲਾ ਵਨ ਡੇ ਮੈਚ 'ਚ 34 ਦੌੜਾਂ ਨਾਲ ਹਰਾਇਆ ਤੇ ਇਸ ਦੇ ਨਾਲ ਹੀ 'ਹਿੱਟ ਮੈਨ' ਰੋਹਿਤ ਸ਼ਰਮਾ ਨੇ ਆਪਣੇ ਕਰੀਅਰ ਦਾ 22ਵਾਂ ਸੈਂਕੜਾ ਲਗਾ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਆਸਟਰੇਲੀਆ ਵਿਰੁੱਧ ਖੇਡ ਰਹੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਕਰੀਅਰ ਦੀਆਂ 10,000 ਦੌੜਾਂ ਪੂਰੀਆਂ ਕੀਤੀਆਂ। ਗੋਲਫ 'ਚ ਲਾਹਿੜੀ ਨੇ ਦੂਜੇ ਦੌਰ 'ਚ ਕਟ ਹਾਸਲ ਕਰਨ 'ਚ ਸਫਲ ਰਹੇ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਆਸਟਰੇਲੀਆ ਨੇ ਭਾਰਤ ਨੂੰ ਪਹਿਲੇ ਵਨ ਡੇ ਮੈਚ 'ਚ 34 ਦੌੜਾਂ ਨਾਲ ਹਰਾਇਆ


ਝਾਯ ਰਿਚਰਡਸਨ (4 ਵਿਕਟ) ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਸਿਡਨੀ 'ਚ ਖੇਡੇ ਗਏ ਪਹਿਲੇ ਵਨ ਡੇ 'ਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਵਨ ਡੇ ਮੈਚ 15 ਜਨਵਰੀ ਨੂੰ ਐਡੀਲੇਡ 'ਚ ਖੇਡਿਆ ਜਾਵੇਗਾ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕੀਤੀ ਅਤੇ ਨਿਰਧਾਰਤ 50 ਓਵਰਾਂ 'ਚ ਪੰਜ ਵਿਕਟਾਂ ਗੁਆ ਕੇ 288 ਦੌੜਾਂ ਬਣਾਈਆਂ। ਜਵਾਬ 'ਚ ਟੀਮ ਇੰਡੀਆ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 254 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਦੇ ਹਿਟਮੈਨ ਰੋਹਿਤ ਸ਼ਰਮਾ ਦੇ ਸੈਂਕੜੇ 'ਤੇ ਪਾਣੀ ਫਿਰ ਗਿਆ।

22ਵਾਂ ਸੈਂਕੜਾ ਲਾਉਂਦਿਆਂ ਹੀ ਰੋਹਿਤ ਨੇ ਕੀਤੀ ਗਾਂਗੁਲੀ ਦੀ ਬਰਾਬਰੀ


ਭਾਰਤੀ ਉਪ-ਕਪਤਾਨ ਰੋਹਿਤ ਸ਼ਰਮਾ ਆਪਣਾ 22ਵਾਂ ਵਨਡੇ ਸੈਂਕੜਾ ਬਣਾਉਂਦਿਆਂ ਹੀ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੀ ਬਰਾਬਰੀ 'ਤੇ ਪਹੁੰਚ ਗਏ ਹਨ ਅਤੇ ਵਨਡੇ ਵਿਚ ਸਭ ਤੋਂ ਵੱਧ ਸੈਂਕੇੜੇ ਬਣਾਉਣ ਵਾਲੇ ਸਾਂਝੇ ਤੌਰ 'ਤੇ 9ਵੇਂ ਬਾਲੇਬਾਜ਼ ਬਣ ਗਏ ਹਨ। ਰੋਹਿਤ ਨੇ ਆਸਟਰੇਲੀਆ ਖਿਲਾਫ ਪਹਿਲੇ ਵਨਡੇ ਵਿਚ ਸ਼ਨੀਵਾਰ ਨੂੰ 133 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਹਾਲਾਂਕਿ ਉਸ ਦੀ ਇਸ ਬਿਹਤਰੀਨ ਪਾਰੀ ਦੇ ਬਾਵਜੂਦ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰੋਹਿਤ ਦਾ 194 ਮੈਚਾਂ ਵਿਚ ਇਹ 22ਵਾਂ ਸੈਂਕੜਾ ਸੀ। ਸਾਬਕਾ ਕਪਤਾਨ ਗਾਂਗੁਲੀ ਨੇ 311 ਮੈਚਾਂ ਵਿਚ 22 ਸੈਂਕੜੇ ਬਣਾਏ ਸੀ।

ਭਾਰਤ ਲਈ ਧੋਨੀ ਨੇ 10 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ


ਭਾਰਤ ਦੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਸ਼ਨੀਵਾਰ ਨੂੰ ਆਸਟਰੇਲੀਆ ਦੇ ਖਿਲਾਫ ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਆਪਣੀ ਰਾਸ਼ਟਰੀ ਟੀਮ ਵੱਲੋਂ ਖੇਡਦੇ ਹੋਏ ਇਸ ਫਾਰਮੈਟ 'ਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਨਿੱਜੀ ਰਿਕਾਰਡ ਆਪਣੇ ਨਾਂ ਕਰ ਲਿਆ। ਧੋਨੀ ਭਾਰਤ ਦੇ ਪੰਜਵੇਂ ਅਤੇ ਓਵਰਆਲ 13ਵੇਂ ਬੱਲੇਬਾਜ਼ ਹਨ ਜਿਨ੍ਹਾਂ ਨੇ 50 ਓਵਰ ਫਾਰਮੈਟ 'ਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੇ ਸਿਡਨੀ ਗ੍ਰਾਊਂਡ 'ਤੇ ਆਸਟਰੇਲੀਆ ਦੇ ਖਿਲਾਫ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਪਾਰੀ 'ਚ 96 ਗੇਂਦਾਂ 'ਚ ਤਿੰਨ ਚੌਕੇ ਅਤੇ ਇੱਕ ਛੱਕਾ ਲਾ ਕੇ 51 ਦੌੜਾਂ ਦੀ ਅਰਧ ਸੈਂਕੜੇ ਵਾਰੀ ਪਾਰੀ ਖੇਡੀ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਅਤੇ ਡੈਬਿਊ ਕਰਨ ਵਾਲੇ ਜੇਸਨ ਬੇਹਰੇਨਡਰਾਫ ਨੇ ਐਲ.ਬੀ.ਡਬਲਿਊ. ਕਰ ਕੇ ਧੋਨੀ ਨੂੰ ਪਵੇਲੀਅਨ ਭੇਜਿਆ।

ਲਾਹਿੜੀ ਦੂਜੇ ਦੌਰ 'ਚ ਕਟ ਹਾਸਲ ਕਰਨ 'ਚ ਰਹੇ ਸਫਲ


ਅਨਿਰਬਾਨ ਲਾਹਿੜੀ ਲਗਾਤਾਰ ਦੂਜੇ ਦੌਰ ਵਿਚ 2 ਅੰਡਰ 68 ਦੇ ਸਕੋਰ ਨਾਲ ਹਵਾਈ 'ਚ ਸੋਨੀ ਓਪਨ ਵਿਚ ਸਾਂਝੇ 35ਵੇਂ ਸਥਾਨ ਦੇ ਨਾਲ ਕਟ ਹਾਸਲ ਕਰਨ 'ਚ ਸਫਲ ਰਹੇ। ਲਾਹਿੜੀ 2019 ਵਿਚ ਪਹਿਲੀ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਦਾ ਕੁਲ ਸਕੋਰ ਚਾਰ ਅੰਡਰ 136 ਹੈ। ਇਸ ਵਿਚਾਲੇ ਮੈਚ ਕੂਚਰ ਨੇ ਲਗਾਤਾਰ ਦੂਜੇ ਦੌਰ ਵਿਚ 63 ਦੇ ਸਕੋਰ ਨਾਲ 14 ਅੰਡਰ 126 ਦੇ ਕੁਲ ਸਕੋਰ ਨਾਲ ਐਂਡਰਿਊ ਪੁਟਨੇਮ 'ਤੇ 2 ਸ਼ਾਟ ਦੀ ਬੜ੍ਹਤ ਬਣਾ ਰੱਖੀ ਹੈ। ਪੁਟਨੇਮ ਨੇ ਦੂਜੇ ਦੌਰ ਵਿਚ 65 ਦਾ ਸਕੋਰ ਬਣਾਇਆ।

ਅਰਜਨਟੀਨਾ, ਵੈਨਜੁਏਲਾ-ਚੈਕ ਗਣਰਾਜ ਖਿਲਾਫ ਖੇਡੇਗਾ ਦੋਸਤਾਨਾ ਮੈਚ


ਲਿਓਨਿਲ ਮੇਸੀ ਦੀ ਅਗਵਾਈ ਵਾਲੀ ਅਰਜਨਟੀਨਾ ਟੀਮ ਮਾਰਚ ਵਿਚ ਵੈਨਜੁਏਲਾ ਅਤੇ ਚੈਕ ਗਣਰਾਜ ਖਿਲਾਫ 2 ਦੋਸਤਾਨਾ ਕੌਮਾਂਤਰੀ ਫੁੱਟਬਾਲ ਮੈਚ ਖੇਡੇਗੀ। ਅਰਜਨਟੀਨਾ 22 ਮਾਰਚ ਨੂੰ ਵਾਂਡਾ ਮੇਟ੍ਰੋਪੋਲਿਟਾਨੋ ਮੈਡ੍ਰਿਡ ਵਿਚ ਵੇਨਜੁਏਲਾ ਨਾਲ ਪਹਿਲਾ ਦੋਸਤਾਨਾ ਮੈਚ ਖੇਡੇਗੀ ਜੋ ਐਟਲੈਟਿਕੋ ਡੀ ਮੈਡ੍ਰਿਡ ਕਲੱਬ ਦਾ ਘਰੇਲੂ ਮੈਦਾਨ ਵੀ ਹੈ। ਇਸ ਤੋਂ ਬਾਅਦ ਉਹ 26 ਮਾਰਚ ਨੂੰ ਚੈਕ ਗਣਰਾਜ ਖਿਲਾਫ ਜਰਮਨੀ ਦੇ ਡ੍ਰੇਸਡੇਨ ਵਿਚ ਦੂਜਾ ਦੋਸਤਾਨਾ ਮੈਚ ਖੇਡੇਗੀ। ਅਰਜਨਟੀਨਾ ਫੁੱਟਬਾਲ ਮਹਾਸੰਘ ਨੇ ਇਸ ਦਾ ਐਲਾਨ ਕੀਤਾ ਹੈ। ਏ. ਐੱਫ. ਏ. ਨੇ ਟਵਿੱਟਰ 'ਤੇ ਦੱਸਿਆ ਕਿ ਸਾਲ 2019 ਵਿਚ ਅਰਜਨਟੀਨਾ ਦੀ ਟੀਮ ਆਪਣੇ ਪਹਿਲੇ ਦੋਸਤਾਨਾ ਮੈਚਾਂ ਲਈ ਮਾਰਚ ਵਿਚ ਉਤਰੇਗੀ। ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਦੋਵੇਂ ਮੈਚਾਂ ਲਈ ਟੀਮ ਵਿਚ ਵਾਪਸੀ ਕਰਨਗੇ। ਮੇਸੀ ਨੇ ਰੂਸ ਵਿਚ ਪਿਛਲੇ ਸਾਲ ਹੋਏ ਵਿਸ਼ਵ ਕੱਪ ਵਿਚ ਫ੍ਰਾਂਸ ਖਿਲਾਫ 30 ਜੂਨ ਨੂੰ ਮੈਚ ਵਿਚ ਟੀਮ ਦੀ 4-3 ਦੀ ਹਾਰ ਤੋਂ ਬਾਅਦ ਤੋਂ ਅਰਜਨਟੀਨਾ ਲਈ ਮੈਚ ਨਹੀਂ ਖੇਡਿਆ ਹੈ।

ਮੇਨਾ ਤੇ ਰੋਡ੍ਰਿਗਜ਼ ਨੇ ਡਕਾਰ ਰੈਲੀ ਦਾ 5ਵਾਂ ਗੇੜ ਪੂਰਾ ਕੀਤਾ


ਭਾਰਤੀ ਰਾਈਡਰ ਸੀ. ਐੱਸ. ਸੰਤੋਸ਼ 41ਵੀਂ ਡਕਾਰ ਰੈਲੀ ਦੇ 5ਵੇਂ ਗੇੜ ਵਿਚ ਬਾਹਰ ਹੋ ਗਿਆ, ਜਦਕਿ ਹੀਰੋ ਮੋਟਰ ਸਪੋਰਟਸ ਟੀਮ ਦੇ ਉਸ ਦੇ ਸਾਥੀ ਓਰੀਓਲ ਮੇਨਾ ਅਤੇ ਜੋਕਿਮ ਰੋਡ੍ਰਿਗਜ਼ ਰੇਸ ਪੂਰੀ ਕਰਨ 'ਚ ਸਫਲ ਰਹੇ। ਸੰਤੋਸ਼ ਦੀ ਬਾਈਕ ਵੇਪਵਾਈਂਟ 4 ਅਤੇ 5 ਵਿਚਾਲੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨਾਲ ਉਹ ਰੇਸ ਪੂਰੀ ਨਹੀਂ ਕਰ ਸਕਿਆ। ਇਸ ਦੇ ਨਾਲ ਹੀ ਸੰਤੋਸ਼ ਦਾ ਕਿਸੇ ਭਾਰਤੀ ਵਲੋਂ ਰਿਕਾਰਡ 5ਵੀਂ ਵਾਰ ਡਕਾਰ ਰੈਲੀ ਪੂਰਾ ਕਰਨ ਦਾ ਸੁਪਨਾ ਵੀ ਟੁੱਟ ਗਿਆ। ਸੰਤੋਸ਼ ਦੇ ਸਾਥੀ ਮੇਨਾ ਤੇ ਰੋਡ੍ਰਿਗਜ਼ ਨੂੰ ਵੀ 5ਵੇਂ ਗੇੜ ਦੌਰਾਨ ਇਕ-ਇਕ ਵਾਰ ਹਾਦਸੇ ਦਾ ਸਾਹਮਣਾ ਕਰਨਾ ਪਿਆ ਪਰ ਇਹ ਦੋਵੇਂ ਰੇਸ ਪੂਰੀ ਕਰਨ 'ਚ ਸਫਲ ਰਹੇ। ਪੰਜਵੇਂ ਗੇੜ ਤੋਂ ਬਾਅਦ ਮੇਨਾ 12ਵੇਂ ਤੇ ਰੋਡ੍ਰਿਗਜ਼ 28ਵੇਂ ਸਥਾਨ 'ਤੇ ਚੱਲ ਰਹੇ ਹਨ।

ਖੇਡ ਮੰਤਰੀ ਦੇ ਬੇਟੇ ਤੇ ਮਛੇਰੇ ਦੀ ਬੇਟੀ ਨੇ ਜਿੱਤੇ ਸੋਨ ਤਮਗੇ


ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਦੇ ਬੇਟੇ ਮਾਨਵਦਿੱਤਿਆ ਸਿੰਘ ਰਾਠੌਰ ਤੇ ਮਛੇਰੇ ਦੀ ਬੇਟੀ ਮਨੀਸ਼ ਕੀਰ ਨੇ ਦੂਜੀਆਂ ਖੇਲੋ ਇੰਡੀਆ ਯੂਥ ਗੇਮਸ ਵਿਚ ਨਿਸ਼ਾਨੇਬਾਜ਼ੀ ਦੇ ਅੰਡਰ-21 ਟ੍ਰੈਪ ਮੁਕਾਬਲੇ ਵਿਚ ਸ਼ਨੀਵਾਰ ਨੂੰ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੇ ਸੋਨ ਤਮਗੇ ਜਿੱਤ ਲਏ।
2004 ਓਲੰਪਿਕ ਦੇ ਡਬਲ ਟ੍ਰੈਪ ਚਾਂਦੀ ਤਮਗਾ ਜੇਤੂ ਤੇ ਮੌਦੂਦਾ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਦੇ ਬੇਟੇ ਮਾਨਵਦਿੱਤਿਆ ਨੇ ਰਾਜਸਥਾਨ ਵਲੋਂ ਖੇਡਦੇ ਹੋਏ 39 ਅੰਕਾਂ ਨਾਲ ਸੋਨ ਤਮਗਾ ਜਿੱਤ ਲਿਆ। ਮੱਧ ਪ੍ਰਦੇਸ਼ ਦੀ ਮਨੀਸ਼ ਕੀਰ ਨੇ 38 ਅੰਕਾਂ ਨਾਲ ਮਹਿਲਾ ਵਰਗ ਦਾ ਸੋਨ ਤਮਗਾ ਜਿੱਤਿਆ।

ਪ੍ਰਜਨੇਸ਼ ਦਾ ਪਹਿਲੇ ਦੌਰ 'ਚ ਮੁਕਾਬਲਾ ਤਿਆਫੋ ਨਾਲ


ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਦਾ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦੇ ਪਹਿਲੇ ਦੌਰ 'ਚ ਅਮਰੀਕਾ ਦੇ ਖਿਡਾਰੀ ਫਰਾਂਸਿਸ ਤਿਆਫੋ ਨਾਲ ਮੁਕਾਬਲਾ ਹੋਵੇਗਾ।
ਵਿਸ਼ਵ ਦੇ 112ਵੀਂ ਰੈਂਕਿੰਗ 'ਤੇ ਮੌਜੂਦ ਪ੍ਰਜਨੇਸ਼ ਨੇ ਜਾਪਾਨ ਦੇ ਯੋਸੂਕੇ ਵਾਤਾਨੁਕੀ ਨੂੰ ਤੀਜੇ ਅਤੇ ਆਖਰੀ ਰਾਊਂਡ 'ਚ 6-7, 6-4, 6-4 ਨਾਲ ਹਰਾ ਕੇ ਮੁੱਖ ਡਰਾਅ 'ਚ ਜਗ੍ਹਾ ਬਣਾਈ। ਉਸ ਨੇ ਪਹਿਲੇ ਦੋ ਰਾਊਂਡਾਂ 'ਚ ਕੋਈ ਵੀ ਸੈੱਟ ਨਹੀਂ ਗੁਆਇਆ ਅਤੇ ਤੀਜੇ ਰਾਊਂਡ 'ਚ ਪਹਿਲਾ ਅੰਕ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਜਿੱਤ ਦਰਜ ਕੀਤੀ। ਪ੍ਰਜਨੇਸ਼ ਨੂੰ ਸਾਲ ਦੇ ਆਪਣੇ ਪਹਿਲੇ ਟੂਰਨਾਮੈਂਟ ਟਾਟਾ ਓਪਨ ਮਹਾਰਾਸ਼ਟਰ 'ਚ ਮੁੱਖ ਡਰਾਅ 'ਚ ਵਾਈਲਡ ਕਾਰਡ ਐਂਟਰੀ ਮਿਲੀ ਸੀ ਪਰ ਉਸ ਨੂੰ ਪਹਿਲੇ ਹੀ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

ਨੋਰਡੇ ਦੇ ਗੋਲ ਨਾਲ ਮੋਹਨ ਬਾਗਾਨ ਨੇ ਨੇਰੋਕਾ ਨੂੰ ਹਰਾਇਆ


ਸੋਨੀ ਨੋਰਡੇ ਦੇ ਗੋਲ ਦੀ ਮਦਦ ਨਾਲ ਮੋਹਨ ਬਾਗਾਨ ਨੇ ਆਈ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਖਿਤਾਬ ਦੇ ਦਾਅਵੇਦਾਰ ਨੇਰੋਕਾ ਐੱਫ. ਸੀ. ਨੂੰ ਸ਼ਨੀਵਾਰ ਨੂੰ ਇੱਥੇ ਸੰਘਰਸ਼ਪੂਰਨ ਮੈਚ ਵਿਚ 1-0 ਨਾਲ ਹਰਾਇਆ। ਦੋਵਾਂ ਟੀਮਾਂ ਵਲੋਂ ਬਿਤਰੀਨ ਕੋਸਿਸ਼ ਕੀਤੀ ਗਈ ਪਰ ਆਖਿਰ ਵਿਚ ਬਾਗਾਨ ਦੀ ਟੀਮ ਜਿੱਤ ਦਰਜ ਕਰਨ ਵਿਚ ਸਫਲ ਰਹੀ। ਉਸ ਵਲੋਂ ਇਹ ਮਹੱਤਵਪੂਰਨ ਗੋਲ ਨੋਰਡੇ ਨੇ 79ਵੇਂ ਮਿੰਟ ਵਿਚ ਕੀਤਾ, ਜਿਸ ਨਾਲ ਉਸ ਨੇ ਪਹਿਲੇ ਗੇੜ ਵਿਚ ਮਿਲੀ 1-2 ਦੀ ਹਾਰ ਦਾ ਬਦਲਾ ਵੀ ਲੈ ਲਿਆ। 
ਇਸ ਜਿੱਤ ਨਾਲ ਮੋਹਨ ਬਾਗਾਨ ਦੇ 21 ਅੰਕ ਹੋ ਗਏ ਹਨ ਤੇ ਉਹ ਆਪਣੇ ਪੁਰਾਣੇ ਵਿਰੋਧੀ ਈਸਟ ਬੰਗਾਲ ਤੋਂ ਉੱਪਰ ਦਸਵੇਂ ਸਥਾਨ 'ਤੇ ਪਹੁੰਚ ਗਿਆ ਹੈ। ਨੇਰੋਕਾ ਦੇ ਵੀ 21 ਅੰਕ ਹਨ ਪਰ ਉਹ ਚੌਥੇ ਸਥਾਨ 'ਤੇ ਹੈ।

ਪੰਡਯਾ ਦੇ ਬਚਾਅ 'ਚ ਉਤਰੇ ਪਿਤਾ ਨੇ ਕਿਹਾ- ਮੇਰਾ ਬੇਟਾ ਮਾਸੂਮ ਤੇ ਮਜ਼ਾਕੀਆ


ਮਸ਼ਹੂਰ ਸ਼ੋਅ 'ਕਾਫੀ ਵਿਦ ਕਰਨ' ਵਿਚ ਮਹਿਲਾਵਾਂ ਨੂੰ ਲੈ ਕੇ ਵਿਵਾਦਕ ਬਿਆਨ ਦੇਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਕੇ. ਐੱਲ. ਰਾਹੁਲ ਲਈ ਬੁਰੀ ਖਬਰਾਂ ਦੀ ਲਾਈਨ ਲੱਗ ਗਈ ਹੈ, ਜਿਸ ਕਾਰਨ ਸ਼ਨੀਵਾਰ ਤੋਂ ਆਸਟਰੇਲੀਆ ਖਿਲਾਫ ਵਨਡੇ 'ਚ ਨਹੀਂ ਖੇਡ ਸਕੇ। ਮੁਅੱਤਲ ਕੀਤੇ ਜਾਣ ਤੋਂ ਬਾਅਦ ਹੁਣ ਆਸਟਰੇਲੀਆ ਤੋਂ ਪੰਡਯਾ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। ਅਜਿਹੇ 'ਚ ਹੁਣ ਪੰਡਯਾ ਦੇ ਪਿਤਾ ਆਪਣੇ ਬੇਟੇ ਦੇ ਬਚਾਅ 'ਚ ਉੱਤਰ ਗਏ ਹਨ।ਹਾਰਦਿਕ ਦੇ ਪਿਤਾ ਹਿਮਾਂਸ਼ੂ ਪੰਡਯਾ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਦਾ ਇਰਾਦਾ ਕਿਸੇ ਨੂੰ ਦੁੱਖ ਦੇਣ ਦਾ ਨਹੀਂ ਸੀ ਅਤੇ ਜੋ ਵੀ ਉਸ ਨੇ ਕਿਹਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਕਿਹਾ ਸੀ। ਇਕ ਵੈਬਸਾਈਟ ਨਾਲ ਗੱਲਬਾਤ ਦੌਰਾਨ ਹਿਮਾਂਸ਼ੂ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਲੋਕਾਂ ਨੂੰ ਉਸ ਦੀਆਂ ਟਿੱਪਣੀਆਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਹ ਇਕ ਮਨੋਰੰਜਕ ਸ਼ੋਅ ਸੀ ਅਤੇ ਉਸ ਨੇ ਇਹ ਗੱਲਾਂ ਹਲਕੇ ਮਿਜਾਜ਼ ਵਿਚ ਕਹੀਆਂ ਸਨ। ਉਹ ਇਕ ਮਾਸੂਮ ਅਤੇ ਮਜ਼ਾਕੀਆਂ ਲੜਕਾ ਹੈ।