ਸਪੀਡ ਚੈੱਸ ਸ਼ਤਰੰਜ : ਅਮਰੀਕਾ ਦਾ ਵੇਸਲੀ ਸੋ ਕੁਆਰਟਰ ਫਾਈਨਲ ''ਚ

11/11/2020 1:44:45 AM

ਅਮਰੀਕਾ (ਨਿਕਲੇਸ਼ ਜੈਨ)– ਸਪੀਡ ਚੈੱਸ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਵਿਚ ਅਮਰੀਕਾ ਦਾ ਵੇਸਲੀ ਸੋ ਆਖਰੀ-8 ਵਿਚ ਪਹੁੰਚਣ ਵਾਲਾ ਚੌਥਾ ਖਿਡਾਰੀ ਬਣ ਗਿਆ ਹੈ। ਉਸ ਤੋਂ ਪਹਿਲਾਂ ਨਾਰਵੇ ਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ, ਫਰਾਂਸ ਦਾ ਮੈਕਸੀਮ ਲਾਗ੍ਰੇਵ, ਰੂਸ ਦਾ ਵਲਾਦੀਮਿਰ ਫੇਡੋਸੀਵ ਕੁਆਰਟਰ ਫਾਈਨਲ ਵਿਚ ਆਪਣੀ ਜਗ੍ਹਾ ਬਣਾ ਚੁੱਕੇ ਸਨ। ਵੇਸਲੀ ਸੋ ਨੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਉਜਬੇਕਿਸਤਾਨ ਦੇ ਨੌਜਵਾਨ ਖਿਡਾਰੀ ਨੋਦਿਰਬੇਕ ਅਬਦੁਸਤਾਰੋਵ ਨੂੰ 18-10 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਟੂਰਨਾਮੈਂਟ ਦੇ ਫਾਰਮੈੱਟ ਅਨੁਸਾਰ ਪਹਿਲੇ 90 ਮਿੰਟ ਤਕ 5+1 ਮਿੰਟ ਦੇ ਮੁਕਾਬਲੇ, ਫਿਰ 60 ਮਿੰਟ ਤਕ 3+1 ਮਿੰਟ ਦੇ ਮੁਕਾਬਲੇ ਤੇ ਫਿਰ 30 ਮਿੰਟ ਤਕ 1+1 ਮਿੰਟ ਦੇ ਮੁਕਾਬਲੇ ਖੇਡੇ ਗਏ।
ਸਭ ਤੋਂ ਪਹਿਲਾਂ 5+1 ਮਿੰਟ ਦੇ 10 ਮੁਕਾਬਲਿਆਂ ਵਿਚ ਵੇਸਲੀ ਸੋ ਨੇ 5.5-4.5 ਨਾਲ ਬੜ੍ਹਤ ਹਾਸਲ ਕੀਤੀ ਤੇ ਇੱਥੋਂ ਅਜਿਹਾ ਲੱਗ ਰਿਹਾ ਸੀ ਕਿ ਨੋਦਿਰਬੇਕ ਚੰਗੀ ਟੱਕਰ ਦੇਣ ਜਾ ਰਿਹਾ ਹੈ ਪਰ 3+1 ਮਿੰਟ ਦੇ 9 ਮੁਕਾਬਲਿਆਂ ਵਿਚ ਵੇਸਲੀ ਸੋ ਨੇ ਆਪਣੀਆਂ ਲਗਾਤਾਰ 6 ਜਿੱਤਾਂ ਦੇ ਦਮ 'ਤੇ 7-2 ਦੇ ਸਕੋਰ ਨਾਲ ਕੁਲ ਬੜ੍ਹਤ 12.5-6.5 ਕਰ ਲਈ, ਅਜਿਹੇ ਵਿਚ 1+1 ਮਿੰਟ ਦੇ ਮੁਕਾਬਲਿਆਂ 'ਤੇ ਹੀ ਸਾਰਾ ਨਤੀਜਾ ਨਿਰਭਰ ਸੀ ਪਰ ਇੱਥੇ ਵੀ ਵੇਸਲੀ ਸੋ 5.5-3.5 ਦੇ ਫਰਕ ਨਾਲ ਜਿੱਤ ਦਰਜ ਕਰ ਗਿਆ ਤੇ ਕੁਲ ਮਿਲਾ ਕੇ 18-10 ਨਾਲ ਪ੍ਰੀ ਕੁਆਰਟਰ ਫਾਈਨਲ ਜਿੱਤ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਗਿਆ। ਹੁਣ ਉਸਦਾ ਮੁਕਾਬਲਾ ਅਮਰੀਕਾ ਦੇ ਫਬਿਆਨੋ ਕਰੂਆਨਾ ਤੇ ਪੋਲੈਂਡ ਦੇ ਜਾਨ ਡੂਡਾ ਦੇ ਜੇਤੂ ਨਾਲ ਹੋਵੇਗਾ।

Gurdeep Singh

This news is Content Editor Gurdeep Singh