ਹਾਕੀ ਵਿਸ਼ਵ ਕੱਪ : ਸਪੇਨ ਨੇ ਫਰਾਂਸ ਨਾਲ ਖੇਡਿਆ 1-1 ਨਾਲ ਡਰਾਅ

12/03/2018 10:26:34 PM

ਭੁਵਨੇਸ਼ਵਰ- ਕਪਤਾਨ ਤੇ ਗੋਲਕੀਪਰ ਕਵਿਕੋ ਕੋਰਟੇਸ ਦੇ ਪੈਨਲਟੀ ਸਟਰੋਕ 'ਤੇ ਕੀਤੇ ਗਏ ਸ਼ਾਨਦਾਰ ਬਚਾਅ ਦੀ ਮਦਦ ਨਾਲ ਸਪੇਨ ਨੇ ਫਰਾਂਸ ਖਿਲਾਫ ਪੁਰਸ਼ ਹਾਕੀ ਵਿਸ਼ਵ ਕੱਪ ਦਾ ਪੂਲ-ਏ ਦਾ ਮੈਚ 1-1 ਨਾਲ ਡਰਾਅ ਕਰਵਾਇਆ।  
ਇਹ ਮੈਚ ਡਰਾਅ ਹੋਣ ਨਾਲ ਦੋਵੇਂ ਟੀਮਾਂ ਨਾਕਆਊਟ 'ਚ ਪੁੱਜਣ ਦੀ ਦੌੜ 'ਚ ਬਣੀਆਂ ਹੋਈਆਂ ਹਨ। ਦੋਵਾਂ ਦੇ 2 ਮੈਚਾਂ 'ਚ 1-1 ਅੰਕ ਹਨ। ਇਹ ਵਿਸ਼ਵ 'ਚ 8ਵੇਂ ਨੰਬਰ ਦੇ ਸਪੇਨ ਅਤੇ ਮੁਕਾਬਲੇ 'ਚ ਸਭ ਤੋਂ ਹੇਠਲੀ ਰੈਂਕਿੰਗ 20ਵੇਂ ਨੰਬਰ ਦੇ ਫਰਾਂਸ ਵਿਚਾਲੇ ਮੈਚ ਸੀ ਪਰ ਇਸ 'ਚ ਕਾਫੀ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਫਰਾਂਸ ਦੀ ਟੀਮ ਨੇ ਆਪਣੀ ਵਿਰੋਧੀ ਟੀਮ ਨੂੰ ਕਾਫੀ ਸਖਤ ਚੁਣੌਤੀ ਦਿੱਤੀ।
ਫਰਾਂਸ ਦੇ ਟਿਮੋਥੀ ਕਲੇਅਮੈਂਟ ਨੇ 6ਵੇਂ ਮਿੰਟ 'ਚ ਹੀ ਮੈਦਾਨੀ ਗੋਲ ਕਰ ਕੇ ਸਪੇਨ ਨੂੰ ਮੁਸ਼ਕਿਲ 'ਚ ਪਾ ਦਿੱਤਾ ਸੀ। ਉਸ ਨੇ ਤੀਜੇ ਕੁਆਰਟਰ ਤੱਕ ਇਹ ਵਾਧਾ ਬਣਾਈ ਰੱਖਿਆ। ਸਪੇਨ ਨੇ ਹਾਫ ਟਾਈਮ ਤੋਂ ਬਾਅਦ ਚੰਗੀ ਖੇਡ ਵਿਖਾਈ। ਉਸ ਵਲੋਂ ਅਲਵਾਰੋ ਇਗਲੇਸੀਆਸ ਨਾਲ 48ਵੇਂ ਮਿੰਟ 'ਚ ਮੁਕਾਬਲੇ ਦਾ ਗੋਲ ਕੀਤਾ ਗਿਆ। ਫਰਾਂਸ ਕੋਲ ਟੂਰਨਾਮੈਂਟ ਦਾ ਪਹਿਲਾ ਵੱਡਾ ਉਲਟਫੇਰ ਕਰਨ ਦਾ ਸੁਨਹਿਰੀ ਮੌਕਾ ਸੀ ਪਰ ਸਪੇਨ ਦੇ ਕਪਤਾਨ ਕੋਰਟੇਸ ਆਪਣੀ ਟੀਮ ਦੇ ਬਚਾਅ 'ਚ ਅੱਗੇ ਆਇਆ ।
ਸਪੇਨ ਦੇ ਰੱਖਿਅਕ ਦੇ ਗੋਲਪੋਸਟ 'ਤੇ ਰੁਕਾਵਟ ਪਹੁੰਚਾਉਣ ਕਾਰਨ ਫਰਾਂਸ ਨੂੰ ਵੀਡੀਓ ਰੈਫਰਲ ਜ਼ਰੀਏ ਪੈਨਲਟੀ ਸਟਰੋਕ ਮਿਲਿਆ ਪਰ ਕੋਰਟੇਸ ਨੇ ਹਿਊਗੋ ਜੇਨੇਸਟੇਟ ਦਾ ਸ਼ਾਟ ਰੋਕ ਦਿੱਤਾ। ਸਪੇਨ ਆਪਣੇ ਪਹਿਲੇ ਮੈਚ 'ਚ ਓਲੰਪਿਕ ਚੈਂਪੀਅਨ ਅਰਜਨਟੀਨਾ ਤੋਂ 3-4 ਨਾਲ ਹਾਰ ਗਿਆ ਸੀ, ਜਦਕਿ ਫਰਾਂਸ ਨੂੰ ਨਿਊਜ਼ੀਲੈਂਡ ਤੋਂ 1-2 ਨਾਲ ਹਾਰ ਝੱਲਣੀ ਪਈ ਸੀ। ਸਪੇਨ ਪੂਲ ਦੇ ਆਪਣੇ ਆਖਰੀ ਮੈਚ 'ਚ 6 ਦਸੰਬਰ ਨੂੰ ਨਿਊਜ਼ੀਲੈਂਡ ਨਾਲ ਭਿੜੇਗਾ, ਜਦਕਿ ਫਰਾਂਸ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ। ਉਥੇ ਹੀ ਦਿਨ ਦੇ ਇਕ ਹੋਰ ਮੈਚ 'ਚ ਇਸ ਗਰੁੱਪ 'ਚ ਅਰਜਨਟੀਨਾ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਦਿੱਤਾ।