ਕਾਰਮੋਨਾ ਦੇ ਆਖ਼ਰੀ ਪਲਾਂ ਦੇ ਗੋਲ ਨਾਲ ਸਪੇਨ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਿਆ

08/15/2023 6:38:24 PM

ਆਕਲੈਂਡ (ਨਿਊਜ਼ੀਲੈਂਡ) : ਓਲਗਾ ਕਾਰਮੋਨਾ ਦੇ 89ਵੇਂ ਮਿੰਟ 'ਚ ਕੀਤੇ ਗਏ ਗੋਲ ਦੀ ਮਦਦ ਨਾਲ ਸਪੇਨ ਨੇ ਮੰਗਲਵਾਰ ਨੂੰ ਇੱਥੇ ਸਵੀਡਨ ਨੂੰ 2-1 ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਸਪੇਨ ਐਤਵਾਰ ਨੂੰ ਸਿਡਨੀ ਵਿੱਚ ਫਾਈਨਲ ਵਿੱਚ ਟੂਰਨਾਮੈਂਟ ਦੇ ਸਹਿ-ਮੇਜ਼ਬਾਨ ਆਸਟਰੇਲੀਆ ਅਤੇ ਇੰਗਲੈਂਡ ਵਿਚਕਾਰ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਖੇਡੇਗਾ।

ਫੀਫਾ ਰੈਂਕਿੰਗ ਵਿੱਚ ਸੱਤਵੇਂ ਨੰਬਰ ਦੀ ਟੀਮ ਸਪੇਨ ਕੋਲ ਹੁਣ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮੌਕਾ ਹੋਵੇਗਾ। ਦੂਜੇ ਨੰਬਰ ਦੀ ਟੀਮ ਸਵੀਡਨ ਦੇ ਬਾਹਰ ਹੋਣ ਨਾਲ ਸਪੇਨ ਹੁਣ ਟੂਰਨਾਮੈਂਟ ਦੀ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਬਣ ਗਈ ਹੈ। ਵਿਸ਼ਵ ਕੱਪ ਵਿੱਚ ਸਵੀਡਨ ਦਾ ਇਹ ਪੰਜਵਾਂ ਸੈਮੀਫਾਈਨਲ ਮੈਚ ਸੀ। ਇਨ੍ਹਾਂ 'ਚੋਂ ਚਾਰ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਟੀਮਾਂ 80 ਮਿੰਟ ਤੱਕ ਗੋਲ ਰਹਿਤ ਰਹੀਆਂ ਅਤੇ ਮੈਚ ਦੇ ਤਿੰਨੋਂ ਗੋਲ ਆਖਰੀ 10 ਮਿੰਟਾਂ ਵਿੱਚ ਕੀਤੇ ਗਏ।

ਨੀਦਰਲੈਂਡ ਦੇ ਖਿਲਾਫ ਕੁਆਰਟਰ ਫਾਈਨਲ 'ਚ ਵਾਧੂ ਸਮੇਂ 'ਚ ਫੈਸਲਾਕੁੰਨ ਗੋਲ ਕਰਨ ਵਾਲੀ 19 ਸਾਲਾ ਸਲਮਾ ਪਾਰਲੂਏਲੋ ਨੇ ਸਵੀਡਨ ਖਿਲਾਫ 81ਵੇਂ ਮਿੰਟ 'ਚ ਗੋਲ ਕਰਕੇ ਸਪੇਨ ਨੂੰ ਬੜ੍ਹਤ ਦਿਵਾਈ। ਸਪੇਨ ਦੀ ਖੁਸ਼ੀ ਹਾਲਾਂਕਿ ਥੋੜ੍ਹੇ ਸਮੇਂ ਲਈ ਰਹੀ ਕਿਉਂਕਿ ਰੇਬੇਕਾ ਬਲੌਕਵਿਸਟ ਨੇ 88ਵੇਂ ਮਿੰਟ ਵਿੱਚ ਸਵੀਡਨ ਲਈ ਬਰਾਬਰੀ ਦਾ ਗੋਲ ਕੀਤਾ। ਪਰ ਮੈਚ ਵਿੱਚ ਅਜੇ ਵੀ ਉਤਸ਼ਾਹ ਬਾਕੀ ਸੀ। 90 ਸਕਿੰਟ ਬਾਅਦ ਕਾਰਮੋਨਾ ਨੇ ਸਵੀਡਨ ਦੀ ਗੋਲਕੀਪਰ ਜੇਸੀਰਾ ਮੁਸੋਵਿਕ ਨੂੰ ਚਕਮਾ ਦੇ ਕੇ ਫੈਸਲਾਕੁੰਨ ਗੋਲ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।

Tarsem Singh

This news is Content Editor Tarsem Singh