ਭਾਰਤ ਦਾ ਐਥਲੈਟਿਕਸ, ਨਿਸ਼ਾਨੇਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ, ਦੂਜੇ ਦਿਨ ਜਿੱਤੇ 27 ਤਮਗੇ

12/04/2019 11:46:42 AM

ਸਪੋਰਟਸ ਡੈਸਕ— ਭਾਰਤੀ ਖਿਡਾਰੀਆਂ ਨੇ ਟਰੈਕ ਤੇ ਫੀਲਡ ਅਤੇ ਨਿਸ਼ਾਨੇਬਾਜ਼ੀ 'ਚ ਦਬਦਬਾ ਬਣਾ ਕੇ 13ਵੀਆਂ ਦੱਖਣੀ ਏਸ਼ੀਆਈ ਖੇਡਾਂ (ਸੈਗ) ਦੇ ਦੂਜੇ ਦਿਨ ਮੰਗਲਵਾਰ ਨੂੰ ਇੱਥੇ 11 ਸੋਨ ਸਮੇਤ 27 ਤਮਗੇ ਜਿੱਤੇ ਤੇ ਉਹ ਹੁਣ ਵੀ ਤਮਗਾ ਸੂਚੀ 'ਚ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਭਾਰਤ ਨੇ ਐਥਲੈਟਿਕਸ ਦੇ ਪਹਿਲੇ ਦਿਨ 10 ਤਮਗੇ (4 ਸੋਨ, 4 ਚਾਂਦੀ ਤੇ 2 ਕਾਂਸੀ), ਜਦਕਿ ਨਿਸ਼ਾਨੇਬਾਜ਼ੀ 'ਚ 9 ਤਮਗੇ (4 ਸੋਨ, 4 ਚਾਂਦੀ ਤੇ 1 ਕਾਂਸੀ) ਜਿੱਤੇ।

ਵਾਲੀਬਾਲ 'ਚ ਪੁਰਸ਼ ਤੇ ਮਹਿਲਾ ਦੋਵਾਂ ਟੀਮਾਂ ਨੇ ਸੋਨ ਤਮਗੇ ਜਿੱਤੇ, ਜਦਕਿ ਤਾਈਕਵਾਂਡੋ 'ਚ ਭਾਰਤੀ ਖਿਡਾਰੀਆਂ ਨੇ ਇਕ ਸੋਨ ਤੇ 3 ਕਾਂਸੀ ਤਮਗੇ ਹਾਸਲ ਕੀਤੇ। ਭਾਰਤ ਨੇ ਇਸ ਤੋਂ ਇਲਾਵਾ ਟੇਬਲ ਟੈਨਿਸ 'ਚ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ 'ਚ ਸੋਨ ਤਮਗੇ ਆਪਣੇ ਨਾਂ ਕੀਤੇ। ਭਾਰਤ ਹੁਣ ਤਕ 43 ਤਮਗੇ (18 ਸੋਨ, 16 ਚਾਂਦੀ ਤੇ 9 ਕਾਂਸੀ) ਜਿੱਤ ਚੁੱਕਾ ਹੈ ਤੇ ਉਹ ਮੇਜ਼ਬਾਨ ਨੇਪਾਲ (23 ਸੋਨ, 9 ਚਾਂਦੀ ਤੇ 12 ਕਾਂਸੀ) ਤੋਂ ਪਿੱਛੇ ਹੈ। ਸ਼੍ਰੀਲੰਕਾ 46 ਤਮਗੇ (5 ਸੋਨ, 14 ਚਾਂਦੀ ਤੇ 27 ਕਾਂਸੀ) ਦੇ ਨਾਲ ਤੀਜੇ ਸਥਾਨ 'ਤੇ ਹੈ।