T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ

11/02/2021 7:59:22 PM

ਆਬੂ ਧਾਬੀ- ਕੈਗਿਸੋ ਰਬਾਡਾ ਤੇ ਐਨਰਿਚ ਨੋਰਕੀਆ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਬੰਗਲਾਦੇਸ਼ ਨੂੰ ਸਸਤੇ 'ਚ ਢੇਰ ਕਰਨ ਤੋਂ ਬਾਅਦ ਦੱਖਣੀ ਅਫਰੀਕਾ ਨੇ 39 ਗੇਂਦਾਂ ਰਹਿੰਦੇ ਹੋਏ 6 ਵਿਕਟਾਂ ਨਾਲ ਜਿੱਤ ਦਰਜ ਕਰਕੇ ਮੰਗਲਵਾਰ ਨੂੰ ਇੱਥੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਨਵੇਂ ਪੱਧਰ 'ਤੇ ਪਹੁੰਚਾਇਆ। ਬੰਗਲਾਦੇਸ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਦੇ ਲਈ ਸੱਦੇ ਜਾਣ ਤੋਂ ਬਾਅਦ 18.2 ਓਵਰਾਂ ਵਿਚ 84 ਦੌੜਾਂ 'ਤੇ ਢੇਰ ਹੋ ਗਈ। ਦੱਖਣੀ ਅਫਰੀਕਾ ਨੇ 13.3 ਓਵਰਾਂ ਵਿਚ ਚਾਰ ਵਿਕਟਾਂ 'ਤੇ 86 ਦੌੜਾਂ ਬਣਾ ਕੇ ਆਪਣਾ ਨੈੱਟ ਰਨ ਰੇਟ 0.742 'ਤੇ ਪਹੁੰਚਾ ਦਿੱਤਾ। ਦੱਖਣੀ ਅਫਰੀਕਾ ਦੀ ਚਾਰ ਮੈਚਾਂ ਵਿਚ ਇਹ ਤੀਜੀ ਜਿੱਤ ਹੈ, ਜਿਸ ਨਾਲ ਉਸ ਦੇ 6 ਅੰਕ ਹੋ ਗਏ ਹਨ। ਉਹ ਇੰਗਲੈਂਡ ਤੋਂ ਬਾਅਦ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਬੰਗਲਾਦੇਸ਼ ਨੂੰ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ। 

ਇਹ ਖ਼ਬਰ ਪੜ੍ਹੋ- T20 WC, PAK v NAM : ਪਾਕਿ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

ਰਬਾਡਾ (20 ਦੌੜਾਂ 'ਤੇ ਤਿੰਨ ਵਿਕਟਾਂ) ਨੇ ਬੰਗਲਾਦੇਸ਼ ਦਾ ਚੋਟੀ ਕ੍ਰਮ ਹਿਲਾ ਦਿੱਤਾ ਤਾਂ ਨੋਰਕੀਆ (8 ਦੌੜਾਂ 'ਤੇ ਤਿੰਨ ਵਿਕਟਾਂ) ਨੇ ਲਗਾਤਾਰ 2 ਵਿਕਟਾਂ ਹਾਸਲ ਕਰਕੇ ਪਾਰੀ ਦਾ ਅੰਤ ਕੀਤਾ। ਖੱਬੇ ਹੱਥ ਦੇ ਸਪਿਨਰ ਤਬਰੇਜ ਸ਼ਮਸੀ (21 ਦੌੜਾਂ 'ਤੇ 2 ਵਿਕਟਾਂ), ਡਵੇਨ ਪ੍ਰਿਟੋਰੀਅਸ (11 ਦੌੜਾਂ 'ਤੇ ਇਕ ਵਿਕਟ) ਵੀ ਸਫਲਤਾ ਹਾਸਲ ਕਰਨ ਵਿਚ ਸਫਲ ਰਹੇ। ਕਪਤਾਨ ਤੇਮਬਾ ਬਾਵੁਮਾ ਨੇ ਲਗਾਤਾਰ ਦੂਜੇ ਮੈਚ ਵਿਚ ਵਧੀਆ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ 28 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ ਅਜੇਤੂ 31 ਦੌੜਾਂ ਬਣਾਈਆਂ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 

Gurdeep Singh

This news is Content Editor Gurdeep Singh