ਕੋਰੋਨਾ ਦੇ ਡਰ ਵਿਚਾਲੇ ਦੱਖਣੀ ਅਫਰੀਕਾ ਬੋਰਡ ਦਾ ਭਾਰਤ ਦੌਰੇ ਨੂੰ ਲੈ ਕੇ ਦਿਲੇਰੀ ਭਰਿਆ ਫੈਸਲਾ

03/07/2020 11:45:38 AM

ਨਵੀਂ ਦਿੱਲੀ : ਦੁਨੀਆ ਭਰ ਵਿਚ ਇੰਨ੍ਹੀ ਦਿਨੀ ਇਕ ਜ਼ਬਰਦਸਤ ਹਫੜਾ-ਦਫੜੀ ਮਚੀ ਹੋਈ ਹੈ। ਚੀਨ ਤੋਂ ਸ਼ੁਰੂ ਹੋਏ ਖਤਰਨਾਕ ਅਤੇ ਜਾਨਲੇਵਾ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਨੂੰ ਲੱਗਭਗ ਆਪਣੀ ਚਪੇਟ 'ਚ ਲੈ ਲਿਆ ਹੈ, ਜਿਸ ਕਾਰਨ ਪੂਰੀ ਦੁਨੀਆ ਵਿਚ ਇਸ ਨੂੰ ਲੈ ਕੇ ਖੌਫ ਫੈਲਿਆ ਹੋਇਆ ਹੈ। ਜਿੱਥੇ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਡਰ ਕਾਰਨ ਖੇਡ ਪ੍ਰਤੀਯੋਗਿਤਾਵਾਂ ਰੱਦ ਜਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਹੁਣ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਭਾਰਤ ਦੌਰੇ ਨੂੰ ਲੈ ਕੇ ਇਕ ਸਾਹਸੀ ਫੈਸਲਾ ਲਿਆ ਹੈ।

ਕੋਰੋਨਾ ਦੇ ਵੱਧਦੇ ਕਹਿਰ ਵਿਚਾਲੇ ਦੱਖਣੀ ਅਫਰੀਕਾ ਦਾ ਭਾਰਤ ਦੌਰਾ
ਕੋਰੋਨਾ ਵਾਇਰਸ ਦੀ ਹਵਾ ਹੁਣ ਭਾਰਤ ਵਿਚ ਵੀ ਆ ਚੁੱਕੀ ਹੈ, ਜਿੱਥੇ ਇਕ ਤੋਂ ਬਾਅਦ ਇਕ ਇਨਫੈਕਟਿਡ ਲੋਕਾਂ ਦੀ ਪੁਸ਼ਟੀ ਹੋ ਰਹੀ ਹੈ। ਕੋਰੋਨਾ ਦੇ ਭਾਰਤ ਵਿਚ ਆਉਣ ਤੋਂ ਬਾਅਦ ਭਾਰਤ ਵਿਚ ਵੀ ਇਸ ਦਾ ਖਤਰਾ ਵੱਧ ਗਿਆ ਹੈ ਅਤੇ ਹਰ ਕੋਈ ਇਸ ਤੋਂ ਡਰਿਆ ਹੋਇਆ ਹੈ। ਇਸ ਵਿਚਾਲੇ ਦੱਖਣੀ ਅਫਰੀਕਾ ਦੀ ਟੀਮ ਆਪਣੇ ਹੀ ਘਰ ਵਿਚ ਆਸਟਰੇਲੀਆ ਖਿਲਾਫ ਸੀਰੀਜ਼ ਨੂੰ ਖਤਮ ਕਰਨ ਤੋਂ ਬਾਅਦ ਭਾਰਤ ਵਿਚ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਆ ਰਹੀ ਹੈ। ਦੱਖਣੀ ਅਫਰੀਕਾ ਦੇ ਖਿਡਾਰੀਆਂ ਵਿਚ ਵੀ ਕਿਤੇ ਨਾ ਕਿਤੇ ਕੋਰੋਨਾ ਵਾਇਰਸ ਦਾ ਡਰ ਬੈਠਿਆ ਹੋਇਆ ਹੈ।

ਦੱਖਣੀ ਅਫਰੀਕਾ ਦੀ ਟੀਮ ਭਾਰਤ ਵਿਚ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡਣ ਆ ਰਹੀ ਹੈ ਜਿਸ ਦਾ ਪਹਿਲਾ ਮੈਚ 12 ਮਾਰਚ ਨੂੰ ਧਰਮਸ਼ਾਲਾ ਵਿਚ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਦੀ ਟੀਮ ਭਾਰਤ ਵਿਚ ਦੁਬਈ ਤੋਂ ਦਿੱਲੀ ਆਵੇਗੀ। ਭਾਂਵੇ ਹੀ ਕੋਰੋਨਾ ਦੇ ਕਾਰਨ ਦੱਖਣੀ ਅਫਰੀਕਾ ਦੇ ਕੁਝ ਖਿਡਾਰੀਆਂ ਵਿਚ ਡਰ ਹੋਵੇ ਪਰ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਇਸ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਨਹੀਂ ਹੈ। ਕ੍ਰਿਕਟ ਦੱਖਣੀ ਅਫਰੀਕਾ ਤੋਂ ਇਸ ਮਾਮਲੇ ਨੂੰ ਲੈ ਕੇ ਇਕ ਬਿਆਨ ਆਇਆ, ਜਿਸ ਵਿਚ ਕਿਹਾ ਗਿਆ ਹੈ ਕਿ ਖੇਡ ਖੇਡ ਜਗ੍ਹਾਵਾਂ ਵਿਚੋਂ ਕਿਸੇ ਨੇ ਵੀ ਪਾਜ਼ੀਟਿਵ ਮਾਮਲੇ ਨੂੰ ਹੁਣ ਤਕ ਦਰਜ ਨਹੀਂ ਕੀਤਾ ਹੈ ਅਤੇ ਇਨ੍ਹਾਂ ਸ਼ਹਿਰਾਂ ਵਿਚਾਲੇ ਯਾਤਰਾ ਚਾਰਟਡ ਪਲੇਨ ਦੇ ਜ਼ਰੀਏ ਜੋਖਮ ਨੂੰ ਘੱਟ ਕਰਨ ਵਾਲੀ ਹੋਵੇਗੀ। ਦੁਬਈ ਅਤੇ ਦਿੱਲੀ ਵਿਚ ਜੋਖਮ ਘੱਟ ਮੰਨਿਆ ਜਾਂਦਾ ਹੈ।