ਲੀ ਦੇ ਸੈਂਕੜੇ ਨਾਲ ਦੱ. ਅਫਰੀਕਾ ਨੇ ਥਾਈਲੈਂਡ ਨੂੰ 113 ਦੌੜਾਂ ਨਾਲ ਹਰਾਇਆ

02/29/2020 10:49:09 AM

ਸਪੋਰਟਸ ਡੈਸਕ— ਸਲਾਮੀ ਬੱਲੇਬਾਜ਼ ਲਿਜਲੇ ਲੀ (101) ਦੀ ਸੈਂਕੜੇ ਵਾਲੀ ਪਾਰੀ ਤੇ ਸੂਨੇ ਲੂਸ (ਅਜੇਤੂ 61 ਦੌੜਾਂ) ਦੀ ਅਰਧ ਸੈਂਕੜੇ ਪਾਰੀ ਅਤੇ ਸ਼ਬਨਿਮ ਇਸਮਾਈਲ (3 ਵਿਕਟਾਂ) ਤੇ ਲੂਸ (3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਦੱਖਣੀ ਅਫਰੀਕਾ ਨੇ ਥਾਈਲੈਂਡ ਨੂੰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਮੁਕਾਬਲੇ 'ਚ ਸ਼ੁੱਕਰਵਾਰ ਨੂੰ 113 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੇ ਲੀ ਦੀ 60 ਗੇਂਦਾਂ 'ਤੇ 16 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 101 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਤੇ ਲੂਸ ਦੀ 41 ਗੇਂਦਾਂ ਵਿਚ 5 ਚੌਕਿਆਂ ਤੇ 2 ਛੱਕਿਆਂ ਦੇ ਸਹਾਰੇ ਅਜੇਤੂ 61 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ 'ਚ 3 ਵਿਕਟਾਂ 'ਤੇ 195 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।
ਟੀਚੇ ਦਾ ਪਿੱਛਾ ਕਰਨ ਉਤਰੀ ਥਾਈਲੈਂਡ ਦੀ ਟੀਮ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਦੇ ਅੱਗੇ ਕਿਤੇ ਨਹੀਂ ਟਿਕ ਸਕੀ ਤੇ 19.1 ਓਵਰਾਂ ਵਿਚ 82 ਦੌੜਾਂ 'ਤੇ ਹੀ ਢੇਰ ਹੋ ਗਈ। ਥਾਈਲੈਂਡ ਵਲੋਂ ਓਨਿਚਾ ਕਾਮਚੋਨਪੂ ਨੇ ਸਭ ਤੋਂ ਵੱਧ 26 ਦੌੜਾਂ ਬਣਾਈਆਂ। ਲੀ ਨੂੰ ਉਸਦੇ ਸੈਂਕੜੇ ਲਈ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਦੱਖਣੀ ਅਫਰੀਕਾ ਦੀ 2 ਮੈਚਾਂ ਵਿਚ ਇਹ ਦੂਜੀ ਜਿੱਤ ਹੈ, ਜਦਕਿ ਥਾਈਲੈਂਡ ਦੀ 3 ਮੈਚਾਂ ਵਿਚ ਇਹ ਤੀਜੀ ਹਾਰ ਹੈ ਤੇ ਇਸਦੇ ਨਾਲ ਹੀ ਉਹ ਇਸ ਟੂਰਨਾਮੈਂਟ 'ਚੋਂ ਲਗਭਗ ਬਾਹਰ ਹੋ ਚੁੱਕੀ ਹੈ।