ਇਸ ਕੈਚ ਨੂੰ ਦੇਖ ਸਟੇਡੀਅਮ ''ਚ ਮੌਜੂਦ ਦਰਸ਼ਕ ਵੀ ਹੋ ਗਏ ਹੈਰਾਨ (ਵੀਡੀਓ)

03/26/2017 3:10:50 PM

ਨਵੀਂ ਦਿੱਲੀ— ਹੈਮਿਲਟਨ ''ਚ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ''ਚ ਚਲ ਰਹੇ ਤੀਜੇ ਟੈਸਟ ਮੈਚ ਦੌਰਾਨ ਇਕ ਅਜਿਹਾ ਅਨੋਖਾ ਕੈਚ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਸਟੇਡੀਅਮ ''ਚ ਮੌਜੂਦ ਦਰਸ਼ਕ ਵੀ ਹੈਰਾਨ ਰਹਿ ਗਏ। ਇਹ ਕੈਚ ਨਿਊਜ਼ੀਲੈਂਡ ਦੇ ਓਪਨਰ ਟਾਮ ਲਾਥਮ ਵਲੋਂ ਫੜ੍ਹੀ ਗਈ ਸੀ।
ਦਰਅਸਲ ਦੱਖਣੀ ਅਫਰੀਕਾ ਦੀ ਪਾਰੀ ਦੇ 62 ਵੇਂ ਓਵਰ ''ਤੇ ਕਪਤਾਨ ਫਾਫ ਡੂ ਪਲੇਸੀ ਸਟਰਾਈਕ ''ਤੇ ਸੀ, ਜਿਵੇ ਹੀ ਕੀ.ਵੀ ਗੇਂਦਬਾਜ਼ ਮਿਚੇਲ ਸੇਂਟਨਰ ਨੇ ਓਵਰ ਦੀ ਤੀਜੀ ਗੇਂਦ ਕਰਵਾਈ, ਤਾਂ ਉਸ ''ਤੇ ਫਾਫ ਡੁ ਪਲੇਸੀ ਨੇ ਸਵੀਪ ਸ਼ਾਟ ਖੇਡ ਦਿੱਤਾ ਪਰ ਸ਼ਾਰਟ ਲੈੱਗ ''ਤੇ ਤਾਇਨਾਤ ਟਾਮ ਲਾਥਮ ਨੇ ਫੁਰਤੀ ਦਿਖਾਉਂਦੇ ਹੋਏ ਖੱਬੇ ਤੋਂ ਸੱਜੇ ਪਾਸੇ ਭੱਜ ਕੇ ਉਨ੍ਹਾਂ ਦਾ ਕੈਚ ਫੜ੍ਹ ਲਿਆ ਅਤੇ ਡੂ ਪਲੇਸੀ ਨੂੰ ਪਵੇਲੀਅਨ ਵਾਪਸ ਭੇਜ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਕੈਚ ਦੀ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਹੈ। ਫਾਫ ਡੂ ਪਲੇਸੀ ਨੇ ਸ਼ਾਨਦਾਰ ਅਰਧਸੈਂਕੜਾਂ ਲਾਇਆ ਅਤੇ ਆਪਣੀ ਟੀਮ ਲਈ ਮਹੱਤਵਪੂਰਣ ਯੋਗਦਾਨ ਦਿੱਤਾ। 
ਦੱਸਣਯੋਗ ਹੈ ਕਿ ਵਿਕੇਟਕੀਪਰ ਬੱਲੇਬਾਜ਼ ਕਵਿੰਟਨ ਡਿਕਾਕ ਦੀ 90 ਦੌੜਾਂ ਦੀ ਸ਼ਾਨਦਾਰ ਪਾਰੀ ''ਚ ਦੱਖਣੀ ਅਫਰੀਕਾ ਨੇ ਤੀਜੇ ਟੈਸਟ ਕ੍ਰਿਕਟ ਮੈਚ ਦੇ ਬਾਰਿਸ਼ ਨਾਲ ਪ੍ਰਭਾਵਿਤ ਦੂਜੇ ਦਿਨ ਇੱਥੇ ਪਹਿਲੀ ਪਾਰੀ ''ਚ 314 ਦੌੜਾਂ ਬਣਾਈਆ, ਜਿਸ ਦੇ ਜਵਾਬ ''ਚ ਨਿਊਜ਼ੀਲੈਂਡ ਨੇ ਵਧੀਆ ਸ਼ੁਰੂਆਤ ਕਰਕੇ ਦਿਨ ਦਾ ਖੇਡ ਖਤਮ ਹੋਣ ਤੱਕ ਬਿਨਾ ਕਿਸੇ ਨੁਕਸਾਨ ਦੇ 67 ਦੌੜਾਂ ਬਣਾਈਆ।