ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ : ਸੋਨੀਆ ਚਾਹਲ ਫਾਈਨਲ ''ਚ

11/24/2018 3:47:24 AM

ਨਵੀਂ ਦਿੱਲੀ- ਭਾਰਤ ਦੀ ਸੋਨੀਆ ਚਾਹਲ ਨੇ ਆਪਣੇ 54-57 ਕਿ. ਗ੍ਰਾ. ਫੇਦਰ ਵੇਟ ਵਰਗ ਵਿਚ ਸ਼ੁੱਕਰਵਾਰ ਨੂੰ ਇੱਥੇ 10ਵੀਂ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਹਾਲਾਂਕਿ 64 ਕਿ. ਗ੍ਰਾ. ਦੇ ਲਾਈਟ ਵੈਲਟਰ ਵਰਗ ਵਿਚ ਸਿਮਰਨਜੀਤ ਕੌਰ ਸੈਮੀਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ।
ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਆਯੋਜਿਤ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨੀਆ ਨੇ 57 ਕਿ. ਗ੍ਰਾ. ਵਰਗ ਵਿਚ ਉੱਤਰ ਕੋਰੀਆ ਦੀ ਸੋਨ ਵਾ ਜੋ ਨੂੰ ਰੋਮਾਂਚਕ ਮੁਕਾਬਲੇ ਵਿਚ 5-0 ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕੀਤਾ। ਤੀਜੇ ਤੇ ਫਾਈਨਲ ਰਾਊਂਡ ਵਿਚ ਸੋਨੀਆ ਨੇ ਹਲਮਵਾਰ ਪ੍ਰਦਰਸ਼ਨ ਕੀਤਾ ਤੇ ਵਿਰੋਧੀ ਮੁੱਕੇਬਾਜ਼ 'ਤੇ ਕਈ ਪੰਚ ਵਰ੍ਹਾਦਿਆਂ ਰਾਊਂਡ ਤੇ ਮੁਕਾਬਲਾ ਆਪਣੇ ਨਾਂ ਕਰ ਲਿਆ। ਭਾਰਤੀ ਮੁੱਕੇਬਾਜ਼ ਨੇ 30-27, 30-27, 30-27, 29-28, 30-27 ਨਾਲ ਮੈਚ ਜਿੱਤਿਆ। 21 ਸਾਲਾ ਹਰਿਆਣਾ ਦੀ ਮੁੱਕੇਬਾਜ਼ ਸੋਨੀਆ ਸਟਾਰ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਤੋਂ ਬਾਅਦ ਦੂਜੀ ਭਾਰਤੀ ਹੈ, ਜਿਹੜੀ ਫਾਈਨਲ ਵਿਚ ਪਹੁੰਚੀ ਹੈ।
64 ਕਿ. ਗ੍ਰਾ. ਭਾਰ ਵਰਗ ਵਿਚ ਇਕ ਹੋਰ ਤਮਗਾ ਉਮੀਦ ਸਿਮਰਨਜੀਤ ਸੈਮੀਫਾਈਨਲ ਵਿਚ ਚੀਨ ਦੀ ਡਾਨ ਹੋਓ ਤੋਂ 4-1 ਨਾਲ ਮੁਕਾਬਲਾ ਹਾਰ ਗਈ। ਉਸ ਨੇ ਚੀਨੀ ਖਿਡਾਰੀ ਵਿਰੁੱਧ ਚੰਗੀ ਚੁਣੌਤੀ ਰੱਖੀ ਪਰ ਉਹ 27-30, 30-27, 27-30, 27-30, 27-30, 28-29 ਨਾਲ ਸਖਤ ਸੰਘਰਸ਼ ਤੋਂ ਬਾਅਦ ਹਾਰ ਗਈ। 
ਸੋਨੀਆ ਚਾਹਲ
ਮੇਰੇ ਲਈ ਇਹ ਮੁਸ਼ਕਿਲ ਬਾਊਟ ਸੀ ਕਿਉਂਕਿ ਮੇਰੀ ਵਿਰੋਧੀ ਕਾਫੀ ਮਜ਼ਬੂਤ ਸੀ। ਮੈਂ ਲਗਾਤਾਰ ਆਪਣੇ ਵਲੋਂ ਮਜ਼ਬੂਤੀ ਦਿਖਾਈ ਤੇ ਤੀਜੇ ਰਾਊਂਡ ਵਿਚ ਮੈਂ ਜ਼ਿਆਦਾ ਹਮਲਾਵਰ ਰਹੀ। ਮੈਂ ਹੁਣ ਫਾਈਨਲ ਬਾਊਟ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਤੇ ਮੈਨੂੰ ਸੋਨ ਤਮਗਾ ਜਿੱਤਣ ਦੀ ਪੂਰੀ ਉਮੀਦ ਹੈ।''