ਸਲੱਮ ਦੌੜ ਨਾਲ ਹੁਣ ਤਕ 50 ਹਜ਼ਾਰ ਨੌਜਵਾਨ ਜੁੜੇ

07/24/2017 4:15:11 AM

ਨਵੀਂ ਦਿੱਲੀ— 11ਵੀਂ ਸਲੱਮ ਯੁਵਾ ਦੌੜ ਨੂੰ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਐਤਵਾਰ ਹਰੀ ਝੰਡੀ ਦਿਖਾਈ, ਜਿਸ 'ਚ 3000 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਸਲੱਮ ਦੌੜ 'ਚ ਹਿੱਸਾ ਲੈਣ ਵਾਲੇ ਨੌਜਵਾਨਾਂ ਦੀ ਗਿਣਤੀ  50 ਹਜ਼ਾਰ ਤਕ ਪਹੁੰਚ ਗਈ ਹੈ। ਇਸ ਮੌਕੇ ਨੌਜਵਾਨਾਂ ਦਾ ਹੌਸਲਾ ਵਧਾਉਣ ਲਈ ਕੇਂਦਰੀ ਮੰਦਰੀ ਪ੍ਰਕਾਸ਼ ਜਾਵਡੇਕਰ, ਵਿਦੇਸ਼ ਰਾਜ ਮੰਤਰੀ (ਸਾਬਕਾ) ਜਨਰਲ ਵੀ. ਕੇ. ਸਿੰਘ ਤੇ ਭਾਜਪਾ ਮੁਖੀ ਵਿਨੇ ਸਸਤਰਬੁੱਧੇ ਮੌਜੂਦ ਸਨ। ਅੱਜ ਦੀ ਦੌੜ ਵਿਜੇ ਚੌਕ ਤੋਂ ਸ਼ੁਰੂ ਹੋ ਕੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਤੇ ਖਤਮ ਹੋਈ। ਹੱਥਾਂ 'ਚ ਤਿਰੰਗਾ ਫੜੀ ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਾਉਂਦੇ ਹੋਏ 3000 ਤੋਂ ਵੀ ਵੱਧ ਨੌਜਵਾਨਾਂ ਨੇ ਦੌੜ 'ਚ ਹਿੱਸਾ ਲਿਆ। ਸਾਰੇ ਮੁਕਾਬਲੇਬਾਜ਼ਾਂ ਨੂੰ ਮੈਡਲ, ਟੀ-ਸ਼ਰਟਸ ਤੇ ਸਰਟੀਫਿਕੇਟ ਮੰਤਰਾਲਾ ਵਲੋਂ ਦਿੱਤੇ ਗਏ। ਵਿਜੇ ਗੋਇਲ ਨੇ ਦੌੜ ਦੀ ਸ਼ੁਰੂਆਤ 'ਚ ਬੱਚਿਆਂ  ਸਾਹਮਣੇ ਜਾ ਕੇ ਉਨ੍ਹਾਂ ਨਾਲ ਸਿੱਧੀ ਗੱਲਬਾਤ ਕੀਤੀ ਤੇ ਖੁਦ ਵੀ ਤਿਰੰਗਾ ਹੱਥ ਵਿਚ ਲੈ ਕੇ ਬੱਚਿਆਂ ਨਾਲ ਵਿਜੇ ਚੌਕ ਤੋਂ ਇੰਡੀਆ ਗੇਟ ਤਕ ਹੁੰਦੇ ਹੋਏ ਧਿਆਨਚੰਦ ਸਟੇਡੀਅਮ ਤਕ ਦੌੜ ਲਾਈ।