ਸਿੰਧੂ ਤੇ ਪ੍ਰਣੀਤ ਕੁਆਰਟਰ ਫਾਈਨਲ 'ਚ, ਸਾਇਨਾ ਸ਼੍ਰੀਕਾਂਤ ਤੇ ਪ੍ਰਣਯ ਹੋਏ ਬਾਹਰ

08/23/2019 10:57:58 AM

ਸਪੋਰਟਸ ਡੈਸਕ— ਦੋ ਵਾਰ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਤੇ ਬੀ ਸਾਈ ਨੇ ਫਿਰ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੀਰਵਾਰ ਨੂੰ ਇੱਥੇ ਬੀ. ਡਬਲਯੂ. ਐੱਫ. ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਜਦ ਕਿ ਸਾਇਨਾ ਨੇਹਵਾਲ, ਕਿਦਾਂਬੀ ਸ਼੍ਰੀਕਾਂਤ ਤੇ ਐੱਸ ਐੱਸ ਪ੍ਰਣਯ ਤੀਜੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। 

ਪੰਜਵੇ ਦਰਜੇ ਦੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਨੌਂਵੀ ਸੀਡ ਅਮਰੀਕਾ ਦੀ ਬੀਵਾਨ ਚਿਆਂਗ ਨੂੰ 34 ਮਿੰਟਾਂ 'ਚ 21-14, 21-6 ਨਾਲ ਹਰਾਇਆ। ਕੁਆਟਰਫਾਈਨਲ 'ਚ ਸਿੰਧੂ ਦਾ ਮੁਕਾਬਲਾ ਦੂਜੀ ਸੀਡ ਦੀ ਤਾਇਪੇ ਦੀ ਤਾਈ ਜੂ ਯਿੰਗ ਨਾਲ ਹੋਵੇਗਾ। ਇਸ ਮੁਕਾਬਲੇ 'ਚ ਦੋ ਵਾਰ ਤਮਗਾ ਜਿੱਤ ਚੁੱਕੀ ਅੱਠਵੀਂ ਸੀਡ ਸਾਇਨਾ ਨੇ ਡੇਨਮਾਕਰ ਦੀ ਮਿਆ ਬਲੀਚਫੇਲਟ ਨੂੰ ਹਰਾਉਣ ਦੇ ਕਈ ਮੌਕੇ ਗੁਆਏ ਅਤੇ ਉਸ ਨੂੰ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਜਾਣਾ ਪਿਆ। ਬਲੀਚਫੇਲਟ ਨੇ ਇਹ ਮੁਕਾਬਲਾ ਇਕ ਘੰਟਾ 12 ਮਿੰਟ 'ਚ 15-21,27-25,21-12 ਨਾਲ ਜਿੱਤ ਕੇ ਆਖਰੀ ਅੱਠ 'ਚ ਜਗ੍ਹਾ ਬਣਾਈ।
ਪੁਰਸ਼ ਵਰਗ 'ਚ ਦੁਨੀਆ ਦੇ 19ਵੇਂ ਨੰਬਰ ਦੇ ਖਿਡਾਰੀ ਬੀ. ਸਾਈ. ਪ੍ਰਣੀਤ ਨੇ ਪੁਰਸ਼ ਸਿੰਗਲਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੁਨੀਆ ਦੇ 8ਵੇਂ ਨੰਬਰ ਦੇ ਖਿਡਾਰੀ ਐਂਥੋਨੀ ਸਿਨਿਸੁਕਾ ਗਿਨਟਿੰਗ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਪ੍ਰਣੀਤ ਨੇ 42 ਮਿੰਟਾਂ 'ਚ ਇੰਡੋਨੇਸ਼ੀਆ ਦੇ ਐਂਥੋਨੀ ਨੂੰ 21-19, 21-13 ਨਾਲ ਹਰਾਇਆ। ਪਰ ਉਸਦੇ ਹਮਵਤਨ ਭਾਰਤੀ ਐੱਚ. ਐੱਸ. ਪ੍ਰਣਯ ਨੂੰ ਵਰਲਡ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਹੱਥੋਂ ਤੀਜੇ ਰਾਊਂਡ ਵਿਚ ਲਗਾਤਾਰ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਟਾਪ ਸੀਡ ਮੋਮੋਤਾ ਨੇ ਪ੍ਰਣਯ ਨੂੰ 56 ਮਿੰਟ ਵਿਚ 21-19, 21-12 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ। ਵਰਲਡ 'ਚ 30ਵੀਂ ਰੈਂਕਿੰਗ ਦੇ ਭਾਰਤੀ ਖਿਡਾਰੀ ਦੀ ਨੰਬਰ ਇਕ ਮੋਮੋਤਾ ਵਿਰੁੱਧ ਪੰਜ ਮੈਚਾਂ 'ਚੋਂ ਇਹ ਪੰਜਵੀਂ ਹਾਰ ਹੈ।