ਸਿੰਧੂ ਨਿੱਜੀ ਕਾਰਣਾਂ ਕਾਰਨ ਉਬੇਰ ਕੱਪ ਤੋਂ ਹਟੀ, ਡੈਨਮਾਰਕ ਓਪਨ 'ਚ ਖੇਡਣਾ ਵੀ ਸ਼ੱਕੀ

09/02/2020 7:52:50 PM

ਨਵੀਂ ਦਿੱਲੀ– ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨਿੱਜੀ ਕਾਰਣਾਂ ਕਾਰਨ ਅਗਲੇ ਮਹੀਨੇ ਹੋਣ ਵਾਲੇ ਥਾਮਸ ਅਤੇ ਉਬੇਰ ਕੱਪ ਫਾਈਨਲਸ ਤੋਂ ਹੱਟ ਗਈ ਹੈ ਅਤੇ ਉਸ ਦਾ ਡੈਨਮਾਰਕ 'ਚ ਹੋਣ ਵਾਲੇ ਸੁਪਰ 750 ਟੂਰਨਾਮੈਂਟ 'ਚ ਖੇਡਣਾ ਵੀ ਸ਼ੱਕੀ ਹੈ। ਥਾਮਸ ਅਤੇ ਉਬੇਰ ਕੱਪ 3 ਤੋਂ 11 ਅਕਤੂਬਰ ਦੇ ਵਿਚਾਲੇ ਡੈਨਮਾਰਕ ਦੇ ਆਰਥਸ 'ਚ ਖੇਡਿਆ ਜਾਣਾ ਹੈ। ਵਿਸ਼ਵ ਬੈਡਮਿੰਟਨ ਮਹਾਸੰਘ ਨੇ ਪਿਛਲੇ ਹਫਤੇ ਜੋ ਨਵਾਂ ਸੋਧਿਆ ਕਲੰਡਰ ਜਾਰੀ ਕੀਤਾ ਸੀ, ਉਸ 'ਚ ਇਹ ਪਹਿਲਾ ਟੂਰਨਾਮੈਂਟ ਸੀ। ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਇਸ ਖਿਡਾਰੀ ਦੇ ਪਿਤਾ ਨੇ ਦੱਸਿਆ ਕਿ ਸਿੰਧੂ ਕੁਝ ਨਿੱਜੀ ਕਾਰਣਾਂ ਕਾਰਣ ਥਾਮਸ ਅਤੇ ਉਬੇਰ ਕੱਪ ਫਾਈਨਲਸ 'ਚ ਹਿੱਸਾ ਨਹੀਂ ਲੈ ਸਕੇਗੀ। ਉਨ੍ਹਾਂ ਕਿਹਾ ਕਿ ਉਸ ਦੇ ਕੁਝ ਨਿੱਜੀ ਕੰਮ ਹਨ ਅਤੇ ਬਦਕਿਸਮਤੀ ਨਾਲ ਉਸ ਨੂੰ ਇਸ ਟੂਰਨਾਮੈਂਟ 'ਚੋਂ ਹਟਣਾ ਪਵੇਗਾ। ਅਸੀਂ ਭਾਰਤੀ ਬੈਡਮਿੰਟਨ ਸੰਘ ਨੂੰ ਇਸ ਬਾਰੇ ਦੱਸ ਦਿੱਤਾ ਹੈ।


ਥਾਮਸ ਅਤੇ ਉਬੇਰ ਕੱਪ ਫਾਈਨਲਸ ਤੋਂ ਬਾਅਦ 13 ਤੋਂ 18 ਅਕਤੂਬਰ ਵਿਚਾਲੇ ਡੈਨਮਾਰਕ ਓਪਨ ਅਤੇ ਫਿਰ 20 ਤੋਂ 25 ਅਕਤੂਬਰ ਤੱਕ ਡੈਨਮਾਰਕ ਮਾਸਟਰਸ ਦਾ ਆਯੋਜਨ ਕੀਤਾ ਜਾਵੇਗਾ। ਓਲੰਪਿਕ ਦੀ ਦਾਅਵੇਦਾਰ ਸਿੰਧੂ ਅਜੇ ਹੈਦਰਾਬਾਦ 'ਚ ਰਾਸ਼ਟਰੀ ਬੈਡਮਿੰਟਨ ਕੈਂਪ 'ਚ ਅਭਿਆਸ ਕਰ ਰਹੀ ਹੈ। ਸਿੰਧੂ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਬੀ. ਸਾਈ ਪ੍ਰਣੀਤ, ਦੁਨੀਆ ਦੇ ਨੰਬਰ ਇਕ ਖਿਡਾਰੀ ਕਾਦੰਬੀ ਸ਼੍ਰੀਕਾਂਤ ਅਤੇ ਮਹਿਲਾ ਡਬਲਜ਼ ਖਿਡਾਰੀ ਐੱਨ. ਸਿੱਕੀ ਰੈੱਡੀ ਵੀ ਇਸ ਕੈਂਪ 'ਚ ਸ਼ਾਮਲ ਹਨ। ਇਸ ਤੋਂ ਇਲਾਵਾ ਅਸ਼ਵਨੀ ਪੋਨੱਪਾ ਬੈਂਗਲੁਰੂ 'ਚ ਅਭਿਆਸ ਕਰ ਰਹੀ ਹੈ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਅਤੇ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਸਾਇਨਾ ਨੇਹਵਾਲ ਅਜੇ ਤੱਕ ਕੈਂਪ ਨਾਲ ਨਹੀਂ ਜੁੜੀ ਹੈ। ਉਹ ਆਪਣੇ ਪਤੀ ਪਾਰੂਪੱਲੀ ਕਸ਼ਯਪ ਅਤੇ ਕੁਝ ਹੋਰ ਖਿਡਾਰੀਆਂ ਨਾਲ ਵੱਖ ਅਭਿਆਸ ਕਰ ਰਹੀ ਹੈ।

Gurdeep Singh

This news is Content Editor Gurdeep Singh