ਸਿੰਧੂ ਨੇ ਵਰਲਡ ਨੰਬਰ-1 ਜੂ ਯਿੰਗ ਨੂੰ ਹਰਾਇਆ

12/13/2018 11:31:10 PM

ਗੁਆਂਗਝੂ- ਸਾਲ 2018 ਵਿਚ ਆਪਣੇ ਪਹਿਲੇ ਖਿਤਾਬ ਦੀ ਭਾਲ ਵਿਚ ਸਾਲ ਦੇ ਆਖਰੀ ਵਰਲਡ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਵਿਚ ਉਤਰੀ ਭਾਰਤੀ ਸਟਾਰ ਪੀ. ਵੀ. ਸਿੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀ ਨੰਬਰ-1 ਖਿਡਾਰਨ ਤਾਈਪੇ ਦੀ ਤਾਈ ਜੂ ਯਿੰਗ ਨੂੰ 14-21, 21-16, 21-18 ਨਾਲ ਹਰਾ ਕੇ ਗਰੁੱਪ-ਏ ਨਾਲ ਸੈਮੀਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ। ਸਿੰਧੂ ਨੇ ਪਹਿਲੀ ਸੈੱਟ ਹਾਰਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ 1 ਘੰਟਾ 1 ਮਿੰਟ ਵਿਚ ਜਿੱਤ ਹਾਸਲ ਕੀਤੀ।
ਉਥੇ ਹੀ ਵਿਸ਼ਵ ਦੇ ਨੰਬਰ ਇਕ ਖਿਡਾਰੀ ਖਿਲਾਫ ਸ਼ੁਰੂਆਤੀ ਮੁਕਾਬਲਾ ਹਾਰਨ ਤੋਂ ਬਾਅਦ ਭਾਰਤ ਦੇ ਸਮੀਰ ਵਰਮਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਵਰਲਡ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਗਰੁੱਪ-ਬੀ ਮੈਚ ਵਿਚ ਇੰਡੋਨੇਸ਼ੀਆ ਦੇ ਟਾਮੀ ਸੁਗਿਆਰਤੋ ਨੂੰ ਹਰਾ ਦਿੱਤਾ ਹੈ। 
ਸਮੀਰ ਨੇ 40 ਮਿੰਟ ਤੱਕ ਚੱਲੇ ਮੈਚ ਵਿਚ ਸੁਗਿਆਰਤੋ ਨੂੰ ਲਗਾਤਾਰ ਸੈੱਟਾਂ 'ਚ 21-16, 21-7 ਨਾਲ ਹਰਾਇਆ। ਪੁਰਸ਼ ਸਿੰਗਲ ਗਰੁੱਪ-ਬੀ ਵਿਚ ਸਮੀਰ ਅਜੇ ਵੀ ਇਕ ਅੰਕ ਲੈ ਕੇ ਦੂਸਰੇ ਨੰਬਰ 'ਤੇ ਹੈ, ਜਦਕਿ ਪਹਿਲੇ ਮੈਚ ਵਿਚ ਉਸ ਨੂੰ ਹਰਾਉਣ ਵਾਲੇ ਵਿਸ਼ਵ ਦੇ ਨੰਬਰ 1 ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ 2 ਅੰਕਾਂ ਨਾਲ ਪਹਿਲੇ ਨੰਬਰ 'ਤੇ ਹੈ।