ਸਿੰਧੂ, ਸ਼੍ਰੀਕਾਂਤ ਮੈਡ੍ਰਿਡ ਮਾਸਟਰਸ ਦੇ ਕੁਆਰਟਰ ਫਾਈਨਲ ''ਚ ਪੁੱਜੇ

03/30/2023 8:49:56 PM

ਮੈਡ੍ਰਿਡ : ਭਾਰਤੀ ਖਿਡਾਰੀ ਪੀਵੀ ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਇੱਥੇ ਆਪਣੇ-ਆਪਣੇ ਮੈਚ ਸਿੱਧੇ ਗੇਮਾਂ ਵਿੱਚ ਜਿੱਤ ਕੇ ਮੈਡ੍ਰਿਡ ਸਪੇਨ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਇਸ ਸਾਲ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਆਖਰੀ ਅੱਠ 'ਚ ਪਹੁੰਚੀ ਹੈ। ਮਹਿਲਾ ਸਿੰਗਲਜ਼ ਵਿੱਚ ਉਸ ਨੇ ਅੱਧੇ ਘੰਟੇ ਤੋਂ ਵੱਧ ਚੱਲੇ ਮੈਚ ਵਿੱਚ ਇੰਡੋਨੇਸ਼ੀਆ ਦੀ ਪੁਤਰੀ ਕੁਸੁਮਾ ਵਾਰਦਾਨੀ ਨੂੰ 21-16, 21-14 ਨਾਲ ਹਰਾਇਆ।

ਵਿਸ਼ਵ 'ਚ 21ਵੇਂ ਸਥਾਨ 'ਤੇ ਕਾਬਜ਼ ਸ਼੍ਰੀਕਾਂਤ ਨੇ ਆਪਣੇ ਦੂਜੇ ਦੌਰ ਦੇ ਮੈਚ 'ਚ 49ਵੀਂ ਰੈਂਕਿੰਗ ਦੇ ਹਮਵਤਨ ਬੀ ਸਾਈ ਪ੍ਰਣੀਤ ਨੂੰ 21-15, 21-12 ਨਾਲ ਹਰਾਇਆ। ਦੂਜਾ ਦਰਜਾ ਪ੍ਰਾਪਤ 27 ਸਾਲਾ ਸਿੰਧੂ ਸੱਟ ਤੋਂ ਵਾਪਸੀ ਤੋਂ ਬਾਅਦ ਆਪਣੀ ਲੈਅ ਲੱਭਣ ਲਈ ਸੰਘਰਸ਼ ਕਰ ਰਹੀ ਹੈ। ਉਹ 2023 ਵਿੱਚ ਪਹਿਲੀ ਵਾਰ ਦੂਜੇ ਦੌਰ ਦੀ ਰੁਕਾਵਟ ਨੂੰ ਪਾਰ ਕਰਨ ਵਿੱਚ ਕਾਮਯਾਬ ਰਹੀ। ਸਿੰਧੂ, ਜੋ ਨਵੰਬਰ 2016 ਤੋਂ ਬਾਅਦ ਪਹਿਲੀ ਵਾਰ ਖ਼ਰਾਬ ਪ੍ਰਦਰਸ਼ਨ ਕਾਰਨ ਟਾਪ-10 ਦੀ ਸੂਚੀ ਵਿੱਚੋਂ ਬਾਹਰ ਹੋ ਗਈ ਹੈ, ਦਾ ਅੰਤਿਮ 8 ਵਿੱਚ ਡੈਨਮਾਰਕ ਦੀ ਮੀਆ ਬਲਿਚਫੀਲਡ ਨਾਲ ਸਾਹਮਣਾ ਹੋਵੇਗਾ।

ਪੁਰਸ਼ ਸਿੰਗਲਜ਼ ਵਿੱਚ ਸ੍ਰੀਕਾਂਤ ਨੂੰ ਕੁਆਰਟਰ ਫਾਈਨਲ ਵਿੱਚ ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਜਾਪਾਨ ਦੇ ਕੇਂਤਾ ਨਿਸ਼ੀਮੋਟੋ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਨਿਸ਼ੀਮੋਟੋ ਨੂੰ ਦੂਜੇ ਦੌਰ ਦੇ ਮੈਚ ਵਿੱਚ ਫਰਾਂਸ ਦੇ ਅਰਨੌਡ ਮਰਕੇਲ ਨੇ ਵਾਕਓਵਰ ਦਿੱਤਾ। ਕਿਰਨ ਜਾਰਜ ਅਤੇ ਪ੍ਰਿਯਾਂਸ਼ੂ ਰਾਜਾਵਤ ਦੂਜੇ ਦੌਰ ਵਿੱਚ ਹਾਰ ਕੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚੋਂ ਬਾਹਰ ਹੋ ਗਏ। ਜਾਰਜ ਨੂੰ ਡੈਨਮਾਰਕ ਦੇ ਮੈਗਨਸ ਜੋਹਾਨਸਨ ਤੋਂ 31 ਮਿੰਟਾਂ 'ਚ 17-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਰਾਜਾਵਤ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਤੋਂ 14-21, 15-21 ਨਾਲ ਹਾਰ ਗਿਆ।

Tarsem Singh

This news is Content Editor Tarsem Singh