ਸਿੰਧੂ, ਸ਼੍ਰੀਕਾਂਤ ਨੂੰ ਈ.ਐੱਸ.ਪੀ.ਐੱਨ. ਪੁਰਸਕਾਰ ''ਚ ਚੋਟੀ ਦਾ ਸਥਾਨ

04/03/2018 12:03:20 PM

ਨਵੀਂ ਦਿੱਲੀ (ਬਿਊਰੋ)— ਪੀ.ਵੀ. ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੂੰ ਈ.ਐੱਸ.ਪੀ.ਐੱਨ. ਖੇਡ ਪੁਰਸਕਾਰਾਂ 'ਚ ਸਾਲ ਦਾ ਸਰਵਸ਼੍ਰੇਸ਼ਠ ਖਿਡਾਰੀ ਜਦਕਿ ਕੋਚ ਪੁਲੇਲਾ ਗੋਪੀਚੰਦ ਨੂੰ ਸਰਵਸ਼੍ਰੇਸ਼ਠ ਕੋਚ ਚੁਣਿਆ ਗਿਆ। ਸ਼੍ਰੀਕਾਂਤ ਨੂੰ ਸਾਲ ਦਾ ਸਰਵਸ਼੍ਰੇਸ਼ਠ ਪੁਰਸ਼ ਖਿਡਾਰੀ ਚੁਣਿਆ ਗਿਆ। ਉਨ੍ਹਾਂ ਨੇ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤੇ ਜਿਸ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਿਆ। ਉਹ ਇਕ ਸਾਲ 'ਚ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਇਕੱਲੇ ਭਾਰਤੀ ਖਿਡਾਰੀ ਹਨ। 

ਰੀਓ ਓਲੰਪਿਕ 'ਚ ਚਾਂਦੀ ਦਾ ਤਮਗਾ ਜੇਤੂ ਸਿੰਧੂ ਨੂੰ ਸਾਲ ਦੀ ਸਰਵਸ਼੍ਰੇਸ਼ਠ ਮਹਿਲਾ ਖਿਡਾਰਨ ਚੁਣਿਆ ਗਿਆ। ਉਨ੍ਹਾਂ ਨੇ ਇਸ ਦੌਰਾਨ ਇੰਡੀਅਨ ਅਤੇ ਕੋਰੀਆਈ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤੇ ਹਨ। ਹੋਰਨਾਂ ਜੇਤੂਆਂ 'ਚ ਭਾਰਤੀ ਰਾਸ਼ਟਰੀ ਮਹਿਲਾ ਹਾਕੀ ਟੀਮ ਵੀ ਸ਼ਾਮਲ ਹੈ ਜਿਸ ਨੂੰ 13 ਸਾਲਾਂ 'ਚ ਆਪਣੇ ਪਹਿਲੇ ਏਸ਼ੀਆਈ ਕੱਪ ਜਿੱਤਣ ਦੇ ਲਈ ਸਾਲ ਦੀ ਟੀਮ ਚੁਣਿਆ ਗਿਆ ਹੈ। 

ਸਾਲ ਦੇ ਸਰਵਸ਼੍ਰੇਸ਼ਠ ਪਲ ਦੀ ਚੋਣ ਜਨਤਾ ਦੇ ਵੋਟਾਂ ਨਾਲ ਕੀਤੀ ਗਈ ਜਿਸ 'ਚ ਜੈਕਸਨ ਸਿੰਘ ਨੂੰ ਕੋਲੰਬੀਆ ਦੇ ਖਿਲਾਫ ਅੰਡਰ-17 ਫੀਫਾ ਵਿਸ਼ਵ ਕੱਪ 'ਚ ਕੀਤੇ ਗਏ ਯਾਦਗਾਰ ਗੋਲ ਦਾ ਪੁਰਸਕਾਰ ਮਿਲਿਆ। ਇਸ ਗੋਲ ਨਾਲ ਜੈਕਸਨ ਸਿੰਘ ਫੀਫਾ ਪ੍ਰਤੀਯੋਗਿਤਾ 'ਚ ਗੋਲ ਕਰਨ ਵਾਲੇ ਇਕਮਾਤਰ ਭਾਰਤੀ ਬਣੇ। ਕੁੱਲ 11 ਵਰਗਾਂ 'ਚ ਪੁਰਸਕਾਰ ਦਿੱਤੇ ਗਏ। ਇਨ੍ਹਾਂ ਦੀ ਚੋਣ 14 ਮੈਂਬਰੀ ਜਿਊਰੀ ਨੇ ਕੀਤੀ ਸੀ ਜਿਸ 'ਚ ਅਭਿਨਵ ਬਿੰਦਰਾ, ਸੋਮਦੇਵ ਦੇਵਵਰਮਨ, ਬਾਈਚੁੰਗ ਭੂਟੀਆ, ਜਗਬੀਰ ਸਿੰਘ, ਰੋਹਿਤ ਬ੍ਰਿਜਨਾਥ, ਵੈਂਕਟੇਸ਼ ਦੇਵਰਾਜਨ, ਨਿਸ਼ਾ ਮਿਲੇਟ, ਅਪਰਣਾ ਪੋਪਟ, ਜਗਦੀਸ਼ ਕਾਲੀਰਮਨ, ਮਨੀਸ਼ਾ ਮਲਹੋਤਰਾ ਤੇ ਅੰਜੂ ਬਾਬੀ ਜਾਰਜ ਆਦਿ ਸ਼ਾਮਲ ਸਨ।