ਸਿੰਧੂ, ਸਮੀਰ ਤੇ ਕਸ਼ਯਪ ਦੀ ਜੇਤੂ ਸ਼ੁਰੂਆਤ

09/14/2017 5:26:43 AM

ਸੋਲ— ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ, ਸਮੀਰ ਵਰਮਾ ਤੇ ਕੁਆਲੀਫਾਇਰ ਪੀ. ਕਸ਼ਯਪ ਨੇ ਬੁੱਧਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਕੋਰੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ।
ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਸਿੰਧੂ ਨੇ ਹਾਂਗਕਾਂਗ ਦੀ ਚਿਊਂਗ ਐਨਗਾਨ ਯੀ ਨੂੰ 33 ਮਿੰਟ 'ਚ 21-13, 21-8 ਨਾਲ ਹਰਾ ਦਿੱਤਾ। ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੂੰ ਇਹ ਮੁਕਾਬਲਾ ਜਿੱਤਣ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਵਿਸ਼ਵ ਰੈਂਕਿੰਗ ਵਿਚ ਚੌਥੇ ਨੰਬਰ ਦੀ ਭਾਰਤੀ ਖਿਡਾਰਨ ਨੇ ਇਸ ਜਿੱਤ ਨਾਲ ਐਨਗਾਨ ਵਿਰੁੱਧ ਆਪਣਾ ਕਰੀਅਰ ਰਿਕਾਰਡ 5-0 ਕਰ ਲਿਆ ਹੈ। ਸਿੰਧੂ ਨੇ ਪਿਛਲੀ ਅਗਸਤ ਵਿਚ ਐਨਗਾਨ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਤਿੰਨ ਸੈੱਟਾਂ ਵਿਚ ਹਰਾਇਆ ਸੀ। ਸਿੰਧੂ ਦਾ ਦੂਜੇ ਦੌਰ ਵਿਚ ਥਾਈਲੈਂਡ ਦੀ ਨਿਚੋਯ ਜਿੰਦਾਪੋਲ ਨਾਲ ਮੁਕਾਬਲਾ ਹੋਵੇਗਾ, ਜਿਸ ਦੇ ਵਿਰੁੱਧ ਸਿੰਧੂ ਦਾ ਇਕ-ਇਕ ਦਾ ਕਰੀਅਰ ਰਿਕਾਰਡ ਹੈ।
ਕੁਆਲੀਫਾਇੰਗ ਤੋਂ ਮੁੱਖ ਦੌਰ 'ਚ ਪਹੁੰਚੇ ਕਸ਼ਯਪ ਨੇ ਚੀਨੀ ਤਾਈਪੇ ਦੇ ਸੂ ਜੇਨ ਹਾਓ ਨੂੰ 35 ਮਿੰਟ 'ਚ 21-13, 21-16 ਨਾਲ ਹਰਾਇਆ। ਕਸ਼ਯਪ ਨੇ ਇਸ ਜਿੱਤ ਨਾਲ ਜੇਨ ਹਾਓ ਵਿਰੁੱਧ ਆਪਣਾ ਕਰੀਅਰ ਰਿਕਾਰਡ 4-1 ਕਰ ਲਿਆ ਹੈ। ਕਸ਼ਯਪ ਦਾ ਦੂਜੇ ਦੌਰ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਟਾਪ ਸੀਡ ਕੋਰੀਆ ਦੇ ਸੋਨ ਵਾਨ ਹੋ ਨਾਲ ਮੁਕਾਬਲਾ ਹੋਵੇਗਾ। ਕਸ਼ਯਪ ਦਾ ਸੋਨ ਵਾਨ ਵਿਰੁੱਧ ਕਰੀਅਰ ਰਿਕਾਰਡ 2-6 ਦਾ ਹੈ।
ਸਮੀਰ ਨੇ ਕੀਤਾ ਵੱਡਾ ਉਲਟਫੇਰ 
ਸਮੀਰ ਵਰਮਾ ਨੇ ਪਹਿਲੇ ਹੀ ਦੌਰ ਵਿਚ ਇਕ ਵੱਡਾ ਉਲਟਫੇਰ ਕਰਦਿਆਂ ਅੱਠਵਾਂ ਦਰਜਾ ਪ੍ਰਾਪਤ ਥਾਈਲੈਂਡ ਦੇ ਤਾਨੋਂਗਸਾਕ ਸੇਨਸੋਮਬੂਨਸੂਕ ਨੂੰ 55 ਮਿੰਟ ਤਕ ਚੱਲੇ ਮੁਕਾਬਲੇ 'ਚ 21-13, 21-23, 21-9 ਨਾਲ ਹਰਾਇਆ। ਵਿਸ਼ਵ ਰੈਂਕਿੰਗ 'ਚ 26ਵੇਂ ਨੰਬਰ ਦੇ ਸਮੀਰ ਨੇ 13ਵੇਂ ਨੰਬਰ ਦੇ ਸੇਨਸੋਮਬੂਨਸੂਕ ਵਿਰੁੱਧ ਹੁਣ ਆਪਣਾ ਕਰੀਅਰ ਰਿਕਾਰਡ 2-1 ਦਾ ਕਰ ਲਿਆ ਹੈ। ਅਗਲੇ  ਰਾਊਂਡ 'ਚ ਸਮੀਰ ਦਾ ਮੁਕਾਬਲਾ ਹਾਂਗਕਾਂਗ ਦੇ ਵੇਂਗ ਵਿੰਗ ਕੀ ਵਿਨਸੇਂਟ ਨਾਲ ਹੋਵੇਗਾ, ਜਿਸ ਦੇ ਵਿਰੁੱਧ ਭਾਰਤੀ ਖਿਡਾਰੀ ਦਾ ਰਿਕਾਰਡ 0-1 ਦਾ ਹੈ। ਵਿੰਗ ਨੇ ਦਸੰਬਰ 2011 ਵਿਚ ਸਮੀਰ ਨੂੰ ਹਰਾਇਆ ਸੀ। ਬੀ. ਸਾਈ ਪ੍ਰਣੀਤ ਨੇ ਹਾਂਗਕਾਂਗ ਦੇ ਹੂ ਯੁਨ ਨੂੰ 29 ਮਿੰਟ ਵਿਚ 21-15, 21-10 ਨਾਲ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ।