ਸਿੰਧੂ-ਸਾਇਨਾ ਜਾਪਾਨ ਓਪਨ ਤੋਂ ਬਾਹਰ

09/22/2017 2:03:23 AM

ਟੋਕੀਓ— ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਤੇ ਕੋਰੀਆ ਓਪਨ ਦੀ ਚੈਂਪੀਅਨ ਭਾਰਤ ਦੀ ਪੀ. ਵੀ. ਸਿੰਧੂ ਨੂੰ ਇੱਥੇ ਜਾਪਾਨ ਓਪਨ ਬੈਡਮਿੰਟਨ  ਟੂਰਨਾਮੈਂਟ ਦੇ ਦੂਜੇ ਦੌਰ ਵਿਚ ਆਪਣੀ ਪ੍ਰਮੁੱਖ ਵਿਰੋਧੀ ਜਾਪਾਨ ਦੀ ਨੋਜੋਮੀ ਓਕੂਹਾਰਾ ਹੱਥੋਂ ਵੀਰਵਾਰ ਨੂੰ 18-21, 8-21 ਨਾਲ ਹਾਰ ਝੱਲ ਕੇ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ।
ਸਿੰਧੂ ਦੀ ਹਾਰ  ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਵੀ ਹਾਰ ਕੇ ਬਾਹਰ ਹੋ ਗਈ। ਸਾਇਨਾ ਨੂੰ ਉਸਦੀ ਪ੍ਰਮੁੱਖ ਵਿਰੋਧੀ ਤੇ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨੇ 21-16, 21-13 ਨਾਲ ਹਰਾਇਆ।  
ਹਾਲਾਂਕਿ ਇਸ ਵਿਚਾਲੇ ਅੱਠਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ, ਗੈਰ ਦਰਜਾ ਪ੍ਰਾਪਤ ਐੱਚ. ਐੱਸ. ਪ੍ਰਣਯ ਤੇ ਪ੍ਰਣਬ ਚੋਪੜਾ ਅਤੇ ਐੱਨ. ਸਿੱਕੀ ਰੈੱਡੀ ਦੀ ਮਿਕਸਡ ਡਬਲਜ਼ ਜੋੜੀ ਨੇ ਆਪਣੇ-ਆਪਣੇ ਦੂਜੇ ਦੌਰ ਦੇ ਮੁਕਾਬਲੇ ਜਿੱਤ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।
ਦੂਜੇ ਦੌਰ ਦੇ ਮੈਚਾਂ ਵਿਚ ਸਾਰਿਆਂ ਦੀਆਂ ਨਜ਼ਰਾਂ ਸਿੰਧੂ ਤੇ ਓਕੂਹਾਰਾ ਦੇ ਮੁਕਾਬਲੇ 'ਤੇ ਲੱਗੀਆਂ ਹੋਈਆਂ ਸਨ। ਓਕੂਹਾਰਾ ਨੇ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਸਿੰਧੂ ਨੂੰ ਹਰਾਇਆ ਸੀ ਜਦਕਿ ਸਿੰਧੂ ਨੇ ਪਿਛਲੇ ਐਤਵਾਰ ਨੂੰ ਕੋਰੀਆ ਓਪਨ ਦੇ ਫਾਈਨਲ ਵਿਚ ਓਕੂਹਾਰਾ ਨੂੰ ਹਰਾਇਆ ਸੀ। ਦੋਵਾਂ ਵਿਚਾਲੇ ਇਕ ਮਹੀਨੇ ਦੇ ਅੰਦਰ ਇਹ ਤੀਜਾ ਤੇ ਓਵਰਆਲ ਨੌਵਾਂ ਮੁਕਾਬਲਾ ਸੀ।
ਲਗਾਤਾਰ ਖੇਡ ਰਹੀ ਸਿੰਧੂ ਨੂੰ ਕੋਈ ਬ੍ਰੇਕ ਨਾ ਮਿਲਣ ਦਾ  ਖਮਿਆਜ਼ਾ ਭਰਨਾ ਪਿਆ ਤੇ ਗੈਰ ਦਰਜਾ ਓਕੂਹਾਰਾ ਨੇ ਚੌਥੀ ਸੀਡ ਸਿੰਧੂ ਦੀ ਚੁਣੌਤੀ ਸਿਰਫ 47 ਮਿੰਟ ਵਿਚ ਲਗਾਤਾਰ ਸੈੱਟਾਂ ਵਿਚ ਹੀ ਖਤਮ  ਕਰਦਿਆਂ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸਦੇ ਨਾਲ ਹੀ ਓਕੂਹਾਰਾ ਨੇ ਸਿੰਧੂ ਵਿਰੁੱਧ ਆਪਣਾ ਕਰੀਅਰ ਰਿਕਾਰਡ 5-4 ਕਰ ਲਿਆ।
ਵਿਸ਼ਵ ਰੈਂਕਿੰਗ ਵਿਚ 12ਵੇਂ ਨੰਬਰ ਦੀ ਸਾਇਨਾ ਨੂੰ ਪੰਜਵੀਂ ਰੈਂਕਿੰਗ ਦੀ ਮਾਰਿਨ ਨੇ ਆਸਾਨੀ ਨਾਲ 43 ਮਿੰਟ ਵਿਚ ਹਰਾ ਦਿੱਤਾ। ਪੰਜਵੀਂ ਸੀਡ ਮਾਰਿਨ ਨੇ ਇਸ ਜਿੱਤ ਦੇ ਨਾਲ ਹੀ ਸਾਇਨਾ ਵਿਰੁੱਧ ਆਪਣਾ ਕਰੀਅਰ ਰਿਕਾਰਡ 4-4 ਕਰ ਲਿਆ ਹੈ। ਸਾਇਨਾ ਪਿਛਲੇ ਹਫਤੇ ਕੋਰੀਆ ਓਪਨ ਵਿਚ ਨਹੀਂ ਖੇਡੀ ਸੀ ਤੇ ਬ੍ਰੇਕ ਲੈ ਕੇ ਜਾਪਾਨ ਓਪਨ ਵਿਚ ਉਤਰੀ ਸੀ ਪਰ ਉਸਦੀ ਚੁਣੌਤੀ ਦੂਜੇ ਦੌਰ ਵਿਚ ਹੀ ਟੁੱਟ ਗਈ। 
ਅੱਠਵੀਂ ਸੀਡ ਸ਼੍ਰੀਕਾਂਤ ਨੇ ਹਾਂਗਕਾਂਗ ਦੇ ਹੂ ਯੁਨ ਨੂੰ 29 ਮਿੰਟ ਵਿਚ 21-12, 21-11 ਨਾਲ ਹਰਾਇਆ ਜਦਕਿ ਪ੍ਰਣਯ ਨੇ ਚੀਨੀ ਤਾਇਪੇ ਦੇ ਸੂ ਜੇਨ ਹਾਓ ਨੂੰ ਇਕ ਘੰਟੇ ਵਿਚ 21-16, 23-21 ਨਾਲ ਹਰਾਇਆ। ਭਾਰਤ ਦਾ ਸਮੀਰ ਵਰਮਾ ਦੂਜੀ ਸੀਡ ਚੀਨ ਦੇ ਸ਼ੀ ਯੂਕੀ ਤੋਂ ਸਖਤ ਸੰਘਰਸ਼ ਵਿਚ ਹਾਰ ਕੇ ਬਾਹਰ ਹੋ ਗਿਆ। ਯੂਕੀ ਨੇ ਇਹ ਮੁਕਾਬਲਾ ਇਕ ਘੰਟਾ  ਚਾਰ ਮਿੰਟ ਵਿਚ 10-21, 21-17, 21-15 ਨਾਲ ਜਿੱਤਿਆ। 
ਪ੍ਰਣਬ ਤੇ ਐੱਨ. ਸਿੱਕੀ ਨੇ ਜਾਪਾਨੀ ਜੋੜੀ ਯੂਕੀ ਕਾਨੇਕੋ  ਤੇ ਕੋਹਾਰੂ ਯੋਨੇਮੋਤੋ ਨੂੰ 32 ਮਿੰਟ ਵਿਚ 21-13, 21-17 ਨਾਲ ਹਰਾਇਆ।