ਚੀਨ ਦੀ ਚੁਣੌਤੀ ਖਤਮ ਕਰ ਕੇ ਫਾਈਨਲ ''ਚ ਸਿੰਧੂ, ਰਚੇਗੀ ਇਤਿਹਾਸ

09/17/2017 1:33:49 AM

ਸੋਲ- ਰੀਓ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਆਪਣਾ ਜ਼ਬਰਦਸਤ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਚੀਨ ਦੀ ਹੀ ਬਿੰਗਜਿਯਾਓ ਨੂੰ 3 ਗੇਮਾਂ ਦੇ ਸੰਘਰਸ਼ਪੂਰਨ ਮੁਕਾਬਲੇ 'ਚ 21-10, 17-21, 21-16 ਨਾਲ ਹਰਾ ਕੇ ਕੋਰੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। 
5ਵੀਂ ਸੀਡ ਸਿੰਧੂ ਨੇ ਸੈਮੀਫਾਈਨਲ 'ਚ ਛੇਵਾਂ ਦਰਜਾ ਪ੍ਰਾਪਤ ਬਿੰਗਜਿਯਾਓ ਨੂੰ 1 ਘੰਟਾ 6 ਮਿੰਟ ਤੱਕ ਚੱਲੇ ਮੁਕਾਬਲੇ 'ਚ ਹਰਾਇਆ। ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਸਿੰਧੂ ਦਾ ਹੁਣ ਕੋਰੀਆ ਓਪਨ ਖਿਤਾਬ ਲਈ 8ਵੀਂ ਸੀਡ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਸੈਮੀਫਾਈਨਲ 'ਚ ਦੂਜੀ ਸੀਡ ਹਮਵਤਨ ਖਿਡਾਰਨ ਅਕਾਨੇ ਯਾਮਾਗੂਚੀ ਨੂੰ 38 ਮਿੰਟ 'ਚ 21-17, 21-18 ਨਾਲ ਹਰਾਇਆ। ਸਿੰਧੂ ਦਾ ਵਿਸ਼ਵ ਰੈਂਕਿੰਗ 'ਚ 7ਵੇਂ ਨੰਬਰ ਦੀ ਬਿੰਗਜਿਯਾਓ ਖਿਲਾਫ ਕਰੀਅਰ ਰਿਕਾਰਡ 3-5 ਸੀ, ਜਿਸ ਨੂੰ ਹੁਣ ਉਸ ਨੇ 4-5 ਕਰ ਲਿਆ ਹੈ। ਸਿੰਧੂ ਨੇ ਇਸ ਜਿੱਤ ਨਾਲ ਬਿੰਗਜਿਯਾਓ ਤੋਂ ਅਪ੍ਰੈਲ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। 
ਸਿੰਧੂ ਕੋਲ ਬਦਲਾ ਲੈਣ ਦਾ ਮੌਕਾ
ਫਾਈਨਲ 'ਚ ਸਿੰਧੂ ਕੋਲ ਓਕੂਹਾਰਾ ਤੋਂ ਵਿਸ਼ਵ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ 'ਚ ਮਿਲੀ ਹਾਰ ਦਾ ਬਦਲਾ ਲੈਣ ਦਾ ਪੂਰਾ ਮੌਕਾ ਰਹੇਗਾ। ਵਿਸ਼ਵ ਰੈਂਕਿੰਗ 'ਚ ਚੌਥੇ ਨੰਬਰ ਦੀ ਭਾਰਤੀ ਖਿਡਾਰਨ ਨੂੰ 8ਵੇਂ ਨੰਬਰ ਦੀ ਓਕੂਹਾਰਾ ਤੋਂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ 19-21, 22-20, 20-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਗਿੰਟਿੰਗ-ਕ੍ਰਿਸਟੀ ਵਿਚਾਲੇ ਪੁਰਸ਼ ਸਿੰਗਲਜ਼ ਫਾਈਨਲ  
ਪੁਰਸ਼ ਸਿੰਗਲਜ਼ ਦਾ ਫਾਈਨਲ ਇੰਡੋਨੇਸ਼ੀਆ ਦੇ ਐਂਥਨੀ ਗਿੰਟਿੰਗ ਤੇ ਉਸ ਦੇ ਹਮਵਤਨ ਜੋਨਾਥਨ ਕ੍ਰਿਸਟੀ ਵਿਚਾਲੇ ਖੇਡਿਆ ਜਾਵੇਗਾ। ਗਿੰਟਿੰਗ ਨੇ ਸੈਮੀਫਾਈਨਲ 'ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਟਾਪ ਸੀਡ ਕੋਰੀਆ ਦੇ ਸੋਨ ਵਾਨ ਹੋ ਨੂੰ 16-21, 21-18, 21-13 ਨਾਲ ਹਰਾਇਆ, ਜਦਕਿ ਕ੍ਰਿਸਟੀ ਨੇ 7ਵੀਂ ਸੀਡ ਚੀਨੀ ਤਾਈਪੇ ਦੇ ਵਾਂਗ ਜੂ ਵੇਈ ਨੂੰ 21-13, 21-17 ਨਾਲ ਹਰਾਇਆ।