ਮਹਿਲਾ ਪਹਿਲਵਾਨ ਸਿਮਰਨ ਨੂੰ ਯੁਵਾ ਓਲੰਪਿਕ ''ਚ ਚਾਂਦੀ

10/14/2018 3:45:42 PM

ਬਿਊਨਸ ਆਇਰਸ— ਭਾਰਤੀ ਪਹਿਲਵਾਨ ਸਿਮਰਨ ਨੇ ਯੁਵਾ ਓਲੰਪਿਕ ਦੇ ਕੁਸ਼ਤੀ ਮੁਕਾਬਲੇ 'ਚ ਮਹਿਲਾਵਾਂ ਦੇ ਫ੍ਰੀਸਟਾਈਲ 43 ਕਿਲੋਗ੍ਰਾਮ 'ਚ ਸ਼ਨੀਵਾਰ ਨੂੰ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਸਿਮਰਨ ਫਾਈਨਲ 'ਚ ਅਮਰੀਕਾ ਦੀ ਐਮਿਲੀ ਸ਼ਿਲਸਨ ਤੋਂ 6-11 ਨਾਲ ਹਾਰ ਗਈ। ਵਿਸ਼ਵ ਕੈਡੇਟ ਚੈਂਪੀਅਨਸ਼ਿਪ 2017 'ਚ 40 ਕਿਲੋਗ੍ਰਾਮ 'ਚ ਕਾਂਸੀ ਤਮਗਾ ਹਾਸਲ ਕਰਨ ਵਾਲੀ ਸਿਮਰਨ ਪਹਿਲੇ ਪੀਰੀਅਡ 'ਚ 2-9 ਨਾਲ ਪਿੱਛੜ ਗਈ ਸੀ ਜਿਸ ਨਾਲ ਅਮਰੀਕੀ ਖਿਡਾਰਨ ਦੀ ਜਿੱਤ ਯਕੀਨੀ ਹੋ ਗਈ । 

ਭਾਰਤੀ ਪਹਿਲਵਾਨ ਨੇ ਹਾਲਾਂਕਿ ਦੂਜੇ ਪੀਰੀਅਡ 'ਚ ਚੰਗੀ ਖੇਡ ਦਿਖਾਈ ਅਤੇ ਇਸ ਦੌਰਾਨ ਚਾਰ ਅੰਕ ਬਣਾਏ ਪਰ ਪਹਿਲੇ ਪੀਰੀਅਡ ਦੀ ਅਸਫਲਤਾ ਉਨ੍ਹਾਂ 'ਤੇ ਭਾਰੀ ਪਈ। ਅਮਰੀਕੀ ਪਹਿਲਵਾਨ ਦੂਜੇ ਪੀਰੀਅਡ 'ਚ ਸਿਰਫ 2 ਅੰਕ ਬਣਾ ਸਕੀ। ਭਾਰਤ ਦਾ ਇਹ ਯੁਵਾ ਓਲੰਪਿਕ 'ਚ ਪੰਜਵਾਂ ਚਾਂਦੀ ਦਾ ਤਮਗਾ ਹੈ। ਉਸ ਨੇ ਤਿੰਨ ਸੋਨ ਤਮਗੇ ਵੀ ਜਿੱਤੇ ਹਨ। ਕੁਸ਼ਤੀ 'ਚ ਇਕ ਹੋਰ ਭਾਰਤੀ ਮਾਨਸੀ ਕਲਾਸੀਫਿਕੇਸ਼ਨ ਮੁਕਾਬਲੇ 'ਚ ਮਿਸਰ ਦੀ ਇੰਬਾਬੀ ਅਹਿਮਦ ਤੋਂ ਆਸਾਨੀ ਨਾਲ ਹਾਰ ਗਈ ਅਤੇ ਅੰਤ 'ਚ ਅੱਠਵੇਂ ਸਥਾਨ 'ਤੇ ਰਹੀ।