ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਨੂੰ ਯੂਥ ਓਲੰਪਿਕ ''ਚ ਚਾਂਦੀ

10/15/2018 6:18:51 PM

ਬਿਊਨਸ ਆਇਰਸ : ਭਾਰਤੀ ਅੰਡਰ-18 ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਨੂੰ ਤੀਜੀਆਂ ਯੂਥ ਓਲੰਪਿਕ ਖੇਡਾਂ ਦੇ ਫਾਈਨਲ ਵਿਚ ਅਰਜਨਟੀਨਾ ਤੇ ਮਲੇਸ਼ੀਆ ਹੱਥੋਂ ਹਾਰ ਝੱਲਣ ਤੋਂ ਬਾਅਦ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ ਹੈ। ਯੂਥ ਓਲੰਪਿਕ ਵਿਚ ਹਾਕੀ ਦੀ ਫਾਈਵ ਏ ਸਾਈਡ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਹੱਥੋਂ 1-3 ਨਾਲ ਹਾਰ ਮਿਲੀ, ਜਦਕਿ ਪੁਰਸ਼ ਟੀਮ ਨੂੰ ਮਲੇਸ਼ੀਆ ਨੇ 4-2 ਨਾਲ ਹਰਾਇਆ। 

ਮਹਿਲਾ ਟੀਮ ਨੇ ਆਪਣੇ ਮੈਚ ਵਿਚ ਸਖਤ ਚੁਣੌਤੀ ਪੇਸ਼ ਕੀਤੀ ਪਰ ਅੰਤ ਉਸ ਨੂੰ ਮੇਜ਼ਬਾਨ ਟੀਮ ਹੱਥੋਂ ਹਾਰ ਝੱਲਣੀ ਪਈ। ਭਾਰਤ ਲਈ ਇਕਲੌਤਾ ਗੋਲ ਮੁਮਤਾਜ ਖਾਨ ਨੇ ਕੀਤਾ ਤੇ ਪਹਿਲੇ ਹੀ ਮਿੰਟ ਵਿਚ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ ਸੀ ਪਰ ਫਿਰ ਭਾਰਤੀ ਟੀਮ ਵਿਰੋਧੀ ਟੀਮ ਦੇ ਡਿਫੈਂਸ ਵਿਚ ਸੰਨ੍ਹ ਨਹੀਂ ਲਾ ਸਕੀ। ਰੋਮਾਂਚਕ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਆਪਣੀ ਬਿਹਤਰੀਨ ਲੈਅ ਦਿਖਾਉਂਦਿਆਂ ਮੈਚ ਦੇ 49ਵੇਂ ਸੈਕੰਡ ਵਿਚ ਹੀ ਮੁਮਤਾਜ ਦੇ ਗੋਲ ਨਾਲ ਬੜ੍ਹਤ ਬਣਾ ਲਈ ਪਰ ਅਰਜਨਟੀਨਾ ਲਈ ਗਿਯੋਨੇਲਾ ਪਾਲੇਟ ਨੇ 7ਵੇਂ, ਸੋਫੀਆ ਰਾਮੋਲਾ ਨੇ 9ਵੇਂ ਤੇ ਬ੍ਰਿਸਾ ਬਰੁਗੇਸੇਰ ਨੇ 12ਵੇਂ ਮਿੰਟ ਵਿਚ ਗੋਲ ਕਰ ਕੇ ਆਪਣੀ ਟੀਮ ਦੀ ਜਿੱਤ ਤੈਅ ਕਰ ਦਿੱਤੀ। 

ਪੁਰਸ਼ ਟੀਮ ਨੇ ਵੀ ਆਪਣੇ ਮੈਚ ਵਿਚ ਮਲੇਸ਼ੀਆ ਸਾਹਮਣੇ ਕਾਫੀ ਚੁਣੌਤੀ ਪੇਸ਼ ਕੀਤੀ। ਭਾਰਤੀ ਕਪਤਾਨ ਵਿਵੇਕ ਸਾਗਰ ਪ੍ਰਸਾਦ ਨੇ 6 ਮਿੰਟ ਦੇ ਫਰਕ ਵਿਚ (ਤੀਜੇ ਤੇ ਛੇਵੇਂ ਮਿੰਟ) ਵਿਚ ਦੋ ਗੋਲ ਕੀਤੇ। ਮਲੇਸ਼ੀਆ ਲਈ ਫਿਰਦੌਸ ਰੋਸਦੀ ਨੇ ਪੰਜਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ ਪਰ ਵਿਵੇਕ ਨੇ ਆਪਣੇ ਗੋਲ ਨਾਲ ਭਾਰਤ ਨੂੰ 2-1 ਦੀ ਸ਼ੁਰੂਆਤ ਵਿਚ ਬੜ੍ਹਤ ਦਿਵਾਈ। ਹਾਲਾਂਕਿ ਮੈਚ ਦਾ ਦੂਜਾ ਹਾਫ ਮਲੇਸ਼ੀਆ ਦੇ ਨਾਂ ਰਿਹਾ, ਜਿਸ ਵਿਚ ਅਖੀਮੁਉੱਲ੍ਹਾ ਅਨੁਆਰ ਨੇ 14ਵੇਂ ਤੇ 19ਵੇਂ ਮਿੰਟ ਵਿਚ  ਦੋ ਗੋਲ ਕੀਤੇ, ਜਦਕਿ ਆਰਿਫ ਇਸ਼ਾਕ ਨੇ 17ਵੇਂ ਮਿੰਟ ਵਿਚ ਗੋਲ ਕੀਤਾ ਤੇ ਮਲੇਸ਼ੀਆ ਦੀ ਜਿੱਤ ਤੈਅ ਕਰ ਦਿੱਤੀ। ਭਾਰਤੀ ਕਪਤਾਨ ਵਿਵੇਕ ਨੇ ਮੈਚ ਦੇ ਛੇਵੇਂ ਮਿੰਟ ਵਿਚ ਵੀ ਗੋਲ ਕਰਨ ਦੀ ਚੰਗੀ ਕੋਸ਼ਿਸ਼ ਕੀਤੀ ਪਰ ਮਲੇਸ਼ੀਆਈ ਗੋਲਕੀਪਰ ਸ਼ਾਹਰੁਲ ਸਾਓਪੀ ਨੇ ਇਸਦਾ ਬਚਾਅ ਕਰ ਲਿਆ। ਹਾਫ ਟਾਈਮ ਤਕ ਜਿੱਥੇ ਭਾਰਤ ਕੋਲ ਇਕ ਗੋਲ ਦੀ ਬੜ੍ਹਤ ਸੀ, ਉਥੇ ਹੀ ਦੂਜੇ ਹਾਫ ਵਿਚ ਮਲੇਸ਼ੀਆ ਭਾਰਤ 'ਤੇ ਪੂਰੀ ਤਰ੍ਹਾਂ ਹਾਵੀ ਦਿਖਾਈ ਦਿੱਤਾ ਤੇ ਭਾਰਤੀ ਗੋਲਕੀਪਰ ਪ੍ਰਸ਼ਾਂਤ ਚੌਹਾਨ ਨੂੰ ਮੈਚ ਵਿਚ ਕਾਫੀ ਚੁਣੌਤੀ ਝੱਲਣੀ ਪਈ। ਮੈਚ ਦੇ 19ਵੇਂ ਮਿੰਟ ਵਿਚ ਅਨੂਆਰ ਨੇ  ਗੋਲ ਕਰਦੇ ਹੋਏ ਮਲੇਸ਼ੀਆ ਲਈ ਸੋਨ ਤਮਗਾ ਪੱਕਾ ਕੀਤਾ ਤੇ ਭਾਰਤੀ ਟੀਮ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ।