ਬੰਗਾਲ ਦੇ ਸਾਬਕਾ ਰਣਜੀ ਖਿਡਾਰੀ ਸ਼ਿਆਮ ਸੁੰਦਰ ਮਿਤਰਾ ਦਾ ਹੋਇਆ ਦਿਹਾਂਤ

06/27/2019 11:52:05 PM

ਕੋਲਕਾਤਾ— ਬੰਗਾਲ ਦੇ ਸਾਬਕਾ ਰਣਜੀ ਖਿਡਾਰੀ ਸ਼ਿਆਮ ਸੁੰਦਰ ਮਿਤਰਾ ਦਾ ਵੀਰਵਾਰ ਨੂੰ ਲੰਮੇ ਸਮੇਂ ਤੋਂ ਬੀਮਾਰੀ ਦੇ ਕਾਰਨ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਸ਼ਿਆਮ ਸੁੰਦਰ ਨੇ 14 ਸਾਲ ਤਕ ਬੰਗਾਲ ਦੇ ਲਈ ਰਣਜੀ ਕ੍ਰਿਕਟ ਖੇਡੀ ਸੀ। ਉਹ 1958-72 ਤੱਕ ਬੰਗਾਲ ਰਣਜੀ ਟੀਮ ਦੇ ਮੈਂਬਰ ਸਨ। ਉਹ ਲੰਮੇ ਸਮੇਂ ਤੋਂ ਬੀਮਾਰ ਸਨ ਤੇ ਸ਼ਹਿਰ ਦੇ ਇਕ ਹਸਪਤਾਲ 'ਚ ਦਾਖਲ ਸਨ। ਉਨ੍ਹਾਂ ਨੇ ਬੰਗਾਲ ਦੇ ਲਈ 59 ਪਹਿਲੀ ਸ਼੍ਰੇਣੀ ਮੈਚ ਖੇਡੇ ਸਨ। ਉਨ੍ਹਾਂ ਨੇ ਆਪਣੇ ਕਰੀਅਰ 'ਚ 3059 ਦੌੜਾਂ ਬਣਾਈਆਂ ਜਿਸ 'ਚ 7 ਸੈਂਕੜੇ ਵੀ ਸ਼ਾਮਿਲ ਸਨ।
ਸ਼ਿਆਮ ਸੁੰਦਰ ਨੇ ਆਪਣੇ ਕਰੀਅਰ 'ਚ 15 ਵਿਕਟਾਂ ਹਾਸਲ ਕੀਤੀਆਂ ਸਨ। ਬੰਗਾਲ ਕ੍ਰਿਕਟ ਸੰਘ (ਸੀ. ਏ. ਬੀ.) ਦੇ ਸੰਯੁਕਤ ਸਕੱਤਰ ਅਭਿਸ਼ੇਕ ਡਾਲਮੀਆ ਨੇ ਮਿਤਰਾ ਦੇ ਦਿਹਾਂਤ 'ਤੇ ਸ਼ੋਕ ਵਿਅਕਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਪਹੁੰਚਿਆ ਹੈ। ਉਹ ਮੈਦਾਨ ਤੇ ਮੈਦਾਨ ਤੋਂ ਬਾਹਰ ਇਕ ਵਧੀਆ ਵਿਅਕਤੀ ਸਨ। ਜ਼ਿਕਰਯੋਗ ਹੈ ਕਿ ਸੀ. ਏ. ਬੀ. ਨੇ 2009 'ਚ ਮਿਤਰਾ ਨੂੰ ਲਾਈਫ ਟਾਈਮ ਅਚੀਵਮੇਂਟ ਐਵਾਰਡ ਨਾਲ ਸੰਨਮਾਨਿਤ ਕੀਤਾ ਸੀ।

Gurdeep Singh

This news is Content Editor Gurdeep Singh