ਸ਼ੁਭਮਨ ਗਿੱਲ ਦਾ ਦੋਹਰਾ ਸੈਂਕੜਾ, ਟੁੱਟਿਆ ਸਚਿਨ ਦਾ ਰਿਕਾਰਡ, 28 ਗੇਂਦਾਂ 'ਚ ਆਈਆਂ 130 ਦੌੜਾਂ

01/18/2023 7:21:36 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਧਮਾਕੇਦਾਰ ਓਪਨਰ ਬਣ ਚੁੱਕੇ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ ਤਿੰਨ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਦੋਹਰਾ ਸੈਂਕੜਾ ਜੜ ਦਿੱਤਾ ਹੈ। ਸ਼ੁਭਮਨ ਦੇ ਵਨਡੇ ਕਰੀਅਰ ਦਾ ਇਹ ਪਹਿਲਾ ਦੋਹਰਾ ਸੈਂਕੜਾ ਵੀ ਸੀ। ਸ਼ੁਭਮਨ ਗਿੱਲ ਇਹ ਧਮਾਕੇਦਾਰ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਰੋਹਿਤ ਸ਼ਰਮਾ ਤੇ ਈਸ਼ਾਨ ਕਿਸ਼ਨ ਦੀ ਕਤਾਰ 'ਚ ਪਹੁੰਚ ਗਏ ਹਨ ਜਿਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਦੋਹਰਾਂ ਸੈਂਕੜਾ ਜੜਨ ਦਾ ਰਿਕਾਰਡ ਬਣਾਇਆ ਹੈ।

ਸ਼ੁਭਮਨ ਨੇ 149 ਗੇਂਦਾਂ 'ਤੇ 208 ਦੌੜਾਂ ਦੀ ਪਾਰੀ ਖੇਡੀ, ਜਿਸ ਕਾਰਨ ਭਾਰਤ ਨੇ 8 ਵਿਕਟਾਂ ਗੁਆ ਕੇ 349 ਦੌੜਾਂ ਬਣਾਈਆਂ। ਇਸ ਦੌਰਾਨ ਸ਼ੁਭਮਨ ਦੇ ਬੱਲੇ ਨਾਲ ਬਾਊਂਡਰੀ ਰਾਹੀਂ 29 ਗੇਂਦਾਂ 'ਚ 130 ਦੌੜਾਂ ਆਈਆਂ। ਉਨ੍ਹਾਂ ਨੇ 19 ਚੌਕੇ ਤੇ 9 ਛੱਕੇ ਲਗਾਉਂਦੇ ਹੋਏ ਬਾਊਂਡਰੀ ਦੇ ਜ਼ਰੀਏ 130 ਦੌੜਾਂ ਜੋੜੀਆਂ।

ਟੁੱਟਿਆ ਸਚਿਨ ਦਾ ਰਿਕਾਰਡ

ਸ਼ੁਭਮਨ ਨੇ ਇਸ ਪਾਰੀ ਦੇ ਦਮ 'ਤੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ੁਭਮਨ ਨੇ ਸਭ ਤੋਂ ਘੱਟ ਗੇਂਦਾਂ ਵਿੱਚ ਦੋਹਰਾ ਸੈਂਕੜਾ ਬਣਾਉਣ ਦੇ ਮਾਮਲੇ ਵਿੱਚ ਸਚਿਨ ਨੂੰ ਪਿੱਛੇ ਛੱਡ ਦਿੱਤਾ ਹੈ। ਸਚਿਨ ਨੇ ਆਪਣਾ ਪਹਿਲਾ ਵਨਡੇ ਦੋਹਰਾ ਸੈਂਕੜਾ ਸਿਰਫ 147 ਗੇਂਦਾਂ ਵਿੱਚ ਬਣਾਇਆ। ਉਸਨੇ ਗਵਾਲੀਅਰ ਵਿੱਚ 24 ਫਰਵਰੀ 2010 ਨੂੰ ਦੱਖਣੀ ਅਫਰੀਕਾ ਦੇ ਖਿਲਾਫ 200 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਜਦਕਿ ਸ਼ੁਭਮਨ ਨੇ 145 ਗੇਂਦਾਂ 'ਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ।

ਇਹ ਵੀ ਪੜ੍ਹੋ : ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ 7.0 ਨਾਲ ਹਰਾਇਆ

ਇਸ ਤੋਂ ਇਲਾਵਾ ਸ਼ੁਭਮਨ ਵਨਡੇ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਵੀ ਬਣ ਗਏ ਹਨ। ਇਸ ਮਾਮਲੇ 'ਚ ਉਨ੍ਹਾਂ ਨੇ ਹਮਵਤਨ ਈਸ਼ਾਨ ਕਿਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਨੇ ਹਾਲ ਹੀ 'ਚ ਬੰਗਲਾਦੇਸ਼ ਖਿਲਾਫ ਦੋਹਰਾ ਸੈਂਕੜਾ ਲਗਾਇਆ ਹੈ।

ਵਨਡੇ 'ਚ 200 ਦੌੜਾਂ ਬਣਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ

23 ਸਾਲ 132 ਦਿਨ - ਸ਼ੁਭਮਨ ਗਿੱਲ ਬਨਾਮ ਨਿਊਜ਼ੀਲੈਂਡ ਹੈਦਰਾਬਾਦ 2023
24 ਸਾਲ 145 ਦਿਨ - ਈਸ਼ਾਨ ਕਿਸ਼ਨ ਬਨਾਮ ਬੰਗਲਾਦੇਸ਼ ਚਟੋਗ੍ਰਾਮ 2022
26 ਸਾਲ 186 ਦਿਨ - ਰੋਹਿਤ ਸ਼ਰਮਾ ਬਨਾਮ ਆਸਟ੍ਰੇਲੀਆ ਬੈਂਗਲੁਰੂ 2013

ਕੌਮਾਂਤਰੀ ਪੱਧਰ 'ਤੇ 10ਵਾਂ ਦੋਹਰਾ ਸੈਂਕੜਾ ਲਗਾਇਆ

ਇਹ ਅੰਤਰਰਾਸ਼ਟਰੀ ਵਨਡੇ ਕ੍ਰਿਕਟ ਵਿੱਚ 10ਵਾਂ ਦੋਹਰਾ ਸੈਂਕੜਾ ਵੀ ਸੀ। ਖਾਸ ਗੱਲ ਇਹ ਹੈ ਕਿ ਇਸ 'ਚ ਰੋਹਿਤ ਸ਼ਰਮਾ ਦੇ 3 ਦੋਹਰੇ ਸੈਂਕੜੇ ਹਨ, ਜਦਕਿ ਵੀਰੇਂਦਰ ਸਹਿਵਾਗ ਦੇ ਨਾਂ ਵੀ ਇਕ ਹੈ। ਹੁਣ ਭਾਰਤ ਦੇ 5 ਬੱਲੇਬਾਜ਼ਾਂ ਨੇ ਦੋਹਰਾ ਸੈਂਕੜਾ ਜੜਨ ਦਾ ਕ੍ਰਿਸ਼ਮਾ ਕੀਤਾ ਹੈ। ਇਸ ਦੇ ਨਾਲ ਹੀ ਵਿੰਡੀਜ਼ ਦੇ ਕ੍ਰਿਸ ਗੇਲ, ਪਾਕਿਸਤਾਨ ਦੇ ਫਖਰ ਜ਼ਮਾਨ, ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੇ ਵੀ ਦੋਹਰਾ ਸੈਂਕੜਾ ਲਗਾਇਆ ਹੈ।

ਦੋਹਰਾ ਸੈਂਕੜਾ ਲਗਾਉਣ ਵਾਲੇ ਭਾਰਤੀ-

ਸਚਿਨ ਤੇਂਦੁਲਕਰ
ਵਰਿੰਦਰ ਸਹਿਵਾਗ
ਰੋਹਿਤ ਸ਼ਰਮਾ
ਈਸ਼ਾਨ ਕਿਸ਼ਨ
ਸ਼ੁਭਮਨ ਗਿੱਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh