ਛੋਟੇ ਜਿਹੇ ਕਰੀਅਰ 'ਚ ਵੱਡੇ-ਵੱਡੇ ਰਿਕਾਰਡਾਂ ਦੇ ਬਾਦਸ਼ਾਹ ਹਨ ਸ਼ੁਭਮਨ , ਜਾਣੋ ਹੋਰ ਵੀ ਦਿਲਚਸਪ ਗੱਲਾਂ

09/08/2023 12:07:09 PM

ਨਵੀਂ ਦਿੱਲੀ- ਸ਼ੁਭਮਨ ਗਿੱਲ, ਇਸ ਨਾਂ ਤੋਂ ਸ਼ਾਇਦ ਹੀ ਕੋਈ ਕ੍ਰਿਕਟ ਪ੍ਰੇਮੀ ਵਾਕਿਫ਼ ਨਾ ਹੋਵੇ। ਪੰਜਾਬ ਨਾਲ ਸਬੰਧਤ ਸ਼ੁਭਮਨ ਗਿੱਲ ਨੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਕਈ ਵਿਸ਼ਵ ਰਿਕਾਰਡ ਬਣਾਏ ਹਨ। ਉਹ ਅੱਜ ਯਾਨੀ 8 ਸਤੰਬਰ 2023 ਨੂੰ ਆਪਣਾ 24ਵਾਂ ਜਨਮਦਿਨ ਮਨਾ ਰਿਹਾ ਹੈ। ਭਾਰਤੀ ਕ੍ਰਿਕਟ ਦਾ ਭਵਿੱਖ ਕਹੇ ਜਾਣ ਵਾਲੇ ਸ਼ੁਭਮਨ ਇਸ ਸਮੇਂ ਟੀਮ ਇੰਡੀਆ ਦੇ ਨਾਲ ਸ਼੍ਰੀਲੰਕਾ 'ਚ ਹਨ, ਜਿੱਥੇ ਏਸ਼ੀਆ ਕੱਪ-2023 ਚੱਲ ਰਿਹਾ ਹੈ। ਉੱਥੇ ਹੀ ਉਨ੍ਹਾਂ ਨੇ ਇਹ ਰਿਕਾਰਡ ਸਿਰਫ਼ ਇੱਕ ਪਾਰੀ ਵਿੱਚ ਹਾਸਲ ਕਰ ਲਿਆ।
ਅੰਡਰ-16 ਪੱਧਰ 'ਤੇ ਖੇਡੀ 351 ਦੌੜਾਂ ਦੀ ਪਾਰੀ 
ਪੰਜਾਬ ਦੇ ਫਾਜ਼ਿਲਕਾ ਵਿੱਚ ਜਨਮੇ ਸ਼ੁਭਮਨ ਗਿੱਲ ਦਾ ਪਹਿਲਾ ਪਿਆਰ ਕ੍ਰਿਕਟ ਹੈ। ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਇਸ ਖੇਡ ਨੂੰ ਅਪਣਾ ਲਿਆ ਸੀ। ਉਨ੍ਹਾਂ ਦੇ ਪਿਤਾ ਵੀ ਇਹੀ ਚਾਹੁੰਦੇ ਸਨ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਪੰਜਾਬ ਦੇ ਅੰਤਰ-ਸਟੇਟ ਅੰਡਰ-16 ਟੂਰਨਾਮੈਂਟ 'ਚ 351 ਦੌੜਾਂ ਦੀ ਪਾਰੀ ਖੇਡੀ। ਇਹ ਗੱਲ 9 ਸਾਲ ਪਹਿਲਾਂ 2014 ਦੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਫਿਰ ਨਿਰਮਲ ਸਿੰਘ ਨਾਲ 587 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਵੀ ਕੀਤੀ। ਅੰਡਰ-19 ਕ੍ਰਿਕਟ ਦੌਰਾਨ ਉਹ ਇੰਗਲੈਂਡ ਦੇ ਖ਼ਿਲਾਫ਼ ਯੁਵਾ ਵਨਡੇ ਸੀਰੀਜ਼ 'ਚ ਮੈਨ ਆਫ ਦਿ ਸੀਰੀਜ਼ ਰਹੇ ਅਤੇ ਫਿਰ ਭਾਰਤੀ ਟੀਮ 'ਚ ਆਉਂਦੇ ਹੀ ਉਨ੍ਹਾਂ ਨੇ ਧਮਾਲ ਮਚਾ ਦਿੱਤੀ।

ਇਹ ਵੀ ਪੜ੍ਹੋ- ਪੂਰਨ ਦਾ CPL 'ਚ ਦੂਜਾ ਸੈਂਕੜਾ, ਚੌਕੇ-ਛੱਕਿਆਂ ਦੀ ਮਦਦ ਨਾਲ ਖੇਡੀ ਧਮਾਕੇਦਾਰ ਪਾਰੀ
ਇੱਕ ਨਹੀਂ ਕਈ ਰਿਕਾਰਡ ਹਨ ਨਾਮ
ਸ਼ੁਭਮਨ ਗਿੱਲ ਦੀ ਉਮਰ ਮਹਿਜ਼ 24 ਸਾਲ ਹੈ ਪਰ ਉਨ੍ਹਾਂ ਦੇ ਨਾਂ ਇਕ ਨਹੀਂ ਕਈ ਰਿਕਾਰਡ ਦਰਜ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਦਾ ਭਵਿੱਖ ਕਿਹਾ ਜਾਂਦਾ ਹੈ। ਗਿੱਲ ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਹਨ। ਸ਼ੁਭਮਨ ਨੇ ਇਸ ਸਾਲ ਜਨਵਰੀ 'ਚ ਨਿਊਜ਼ੀਲੈਂਡ ਖ਼ਿਲਾਫ਼ 208 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਹਰ ਫਾਰਮੈਟ 'ਚ ਅੰਤਰਰਾਸ਼ਟਰੀ ਪੱਧਰ 'ਤੇ ਸੈਂਕੜਾ ਆਪਣੇ ਨਾਂ ਕੀਤਾ ਹੈ। ਅਜਿਹਾ ਕਰਨ ਵਾਲਾ ਉਹ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਵੀ ਹੈ।
ਟੀ-20 'ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦਾ ਖਿਡਾਰੀ ਵੀ ਹੈ
ਪੰਜਾਬ ਦੇ ਰਹਿਣ ਵਾਲੇ ਸ਼ੁਭਮਨ ਗਿੱਲ ਭਾਰਤ ਲਈ ਟੀ-20 ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਵੀ ਹਨ। ਇਸ ਤੋਂ ਇਲਾਵਾ ਆਈ.ਪੀ.ਐੱਲ 'ਚ ਵੀ ਉਨ੍ਹਾਂ ਦੇ ਕਈ ਰਿਕਾਰਡ ਹਨ। ਉਹ ਆਈਪੀਐੱਲ ਚੈਂਪੀਅਨ ਟੀਮ ਗੁਜਰਾਤ ਟਾਈਟਨਸ ਨਾਲ ਜੁੜੇ ਹੋਏ ਹਨ। ਉਹ ਔਰੇਂਜ ਕੈਪ ਪ੍ਰਾਪਤ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੈ ਅਤੇ ਇੱਕ ਆਈਪੀਐੱਲ ਸੀਜ਼ਨ 'ਚ 700 ਦੌੜਾਂ ਬਣਾਉਣ ਵਾਲਾ ਉਮਰ ਦੇ ਮਾਮਲੇ 'ਚ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਵੀ ਹੈ।

ਇਹ ਵੀ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਟੀਮ ਤੋਂ ਬਾਹਰ ਹੋਣ 'ਤੇ ਸ਼ਿਖਰ ਧਵਨ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ
ਵਨਡੇ 'ਚ ਸਭ ਤੋਂ ਤੇਜ਼ 1500 ਦੌੜਾਂ
ਸ਼ੁਭਮਨ ਗਿੱਲ ਇਸ ਸਮੇਂ ਏਸ਼ੀਆ ਕੱਪ ਵਿੱਚ ਖੇਡ ਰਹੇ ਹਨ। ਉਹ ਹਰ ਫਾਰਮੈਟ ਵਿੱਚ ਟੀਮ ਇੰਡੀਆ ਦੇ ਨਿਯਮਤ ਮੈਂਬਰਾਂ ਵਿੱਚੋਂ ਇੱਕ ਹੈ। ਹਾਲ ਹੀ 'ਚ ਉਨ੍ਹਾਂ ਨੇ ਇਕ ਵਨਡੇ ਇੰਟਰਨੈਸ਼ਨਲ ਕ੍ਰਿਕਟ 'ਚ ਸਭ ਤੋਂ ਤੇਜ਼ 1500 ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਗਿੱਲ ਨੇ ਏਸ਼ੀਆ ਕੱਪ ਦੇ ਆਪਣੇ ਆਖ਼ਰੀ ਮੈਚ 'ਚ ਨੇਪਾਲ ਖ਼ਿਲਾਫ਼ ਅਜੇਤੂ 67 ਦੌੜਾਂ ਬਣਾਈਆਂ ਸਨ। ਹਾਲਾਂਕਿ ਪਾਕਿਸਤਾਨ ਖ਼ਿਲਾਫ਼ ਗਰੁੱਪ ਮੈਚ 'ਚ ਉਨ੍ਹਾਂ ਨੇ ਸਿਰਫ਼ 10 ਦੌੜਾਂ ਬਣਾਈਆਂ ਸਨ।
ਅਜਿਹਾ ਹੈ ਓਵਰਆਲ ਰਿਕਾਰਡ
ਸ਼ੁਭਮਨ ਗਿੱਲ ਨੇ ਹੁਣ ਤੱਕ 18 ਟੈਸਟ ਮੈਚਾਂ ਵਿੱਚ 2 ਸੈਂਕੜੇ ਅਤੇ 4 ਅਰਧ ਸੈਂਕੜੇ ਦੀ ਮਦਦ ਨਾਲ ਕੁੱਲ 966 ਦੌੜਾਂ ਬਣਾਈਆਂ ਹਨ। ਇਸ ਫਾਰਮੈਟ ਵਿੱਚ ਉਨ੍ਹਾਂ ਦੀ ਔਸਤ 32.20 ਹੈ। ਵਨਡੇ ਇੰਟਰਨੈਸ਼ਨਲ ਕ੍ਰਿਕਟ 'ਚ, ਗਿੱਲ ਨੇ 29 ਮੈਚਾਂ ਵਿੱਚ 4 ਸੈਂਕੜੇ ਅਤੇ 7 ਅਰਧ ਸੈਂਕੜੇ ਦੀ ਮਦਦ ਨਾਲ 1514 ਦੌੜਾਂ ਬਣਾਈਆਂ ਹਨ। ਟੀ-20 ਇੰਟਰਨੈਸ਼ਨਲ ਕ੍ਰਿਕੇਟ ਵਿੱਚ ਗਿੱਲ ਨੇ 11 ਮੈਚਾਂ ਵਿੱਚ 30.40 ਦੀ ਔਸਤ ਨਾਲ 304 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਲਗਾਇਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

Aarti dhillon

This news is Content Editor Aarti dhillon