21 ਸਾਲਾ ਸ਼ੁਭੰਕਰ ਨੂੰ ਮਾਸਟਰਸ ''ਚ ਖੇਡਣ ਦਾ ਸੱਦਾ

03/08/2018 2:58:45 AM

ਨਵੀਂ ਦਿੱਲੀ— ਮੈਕਸੀਕੋ ਚੈਂਪੀਅਨਸ਼ਿਪ 'ਚ ਧਾਕੜਾਂ ਵਿਚਾਲੇ ਟਾਪ-10 'ਚ ਰਹਿ ਕੇ ਪ੍ਰਭਾਵਿਤ ਕਰਨ ਵਾਲੇ ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੂੰ ਮਾਸਟਰਸ ਵਿਚ ਖੇਡਣ ਦਾ ਸੱਦਾ ਮਿਲਿਆ ਹੈ। ਉਹ ਇਸ ਟੂਰਨਾਮੈਂਟ 'ਚ ਖੇਡਣ ਵਾਲਾ ਸਿਰਫ ਚੌਥਾ ਤੇ ਸਭ ਤੋਂ ਨੌਜਵਾਨ ਭਾਰਤੀ ਹੋਵੇਗਾ।
ਯੂਰਪੀਅਨ ਟੂਰ ਵਿਚ ਦੋ ਜਿੱਤਾਂ ਤੇ ਪਿਛਲੇ ਹਫਤੇ ਮੈਕਸੀਕੋ ਵਿਚ ਹੋਈ ਡਬਲਯੂ. ਜੀ. ਸੀ. ਚੈਂਪੀਅਨਸ਼ਿਪ ਵਿਚ ਸਾਂਝੇ ਤੌਰ 'ਤੇ 9ਵੇਂ ਸਥਾਨ 'ਤੇ ਰਿਹਾ 21 ਸਾਲਾ ਸ਼ੁਭੰਕਰ ਆਪਣੇ ਇਸ ਪ੍ਰਦਰਸ਼ਨ ਦੀ ਬਦੌਲਤ ਪਿਛਲੇ ਤਿੰਨ ਮਹੀਨਿਆਂ 'ਚ 462 ਤੋਂ 66ਵੀਂ ਰੈਂਕਿੰਗ 'ਤੇ ਪਹੁੰਚ ਗਿਆ ਹੈ। ਇਹ ਸ਼ੁਭੰਕਰ ਲਈ ਇਕ ਵੱਡੀ ਉਪਲੱਬਧੀ ਹੈ ਕਿ ਉਸ ਨੂੰ ਮਾਸਟਰਸ 'ਚ ਖੇਡਣ ਦਾ ਮੌਕਾ ਮਿਲਿਆ ਹੈ। 
ਯੂਰਪੀਅਨ ਟੂਰ ਅਤੇ ਏਸ਼ੀਅਨ ਟੂਰ ਆਰਡਰ ਆਫ ਮੈਰਿਟ ਵਿਚ ਸਭ ਤੋਂ ਅੱਗੇ ਚੱਲ ਰਹੇ ਚੰਡੀਗੜ੍ਹ ਦੇ ਸ਼ੁਭੰਕਰ ਨੇ ਅਗਲੇ ਮਹੀਨੇ ਹੋਣ ਵਾਲੇ ਮਾਸਟਰਸ-2018 'ਚ ਖੇਡਣ ਦਾ ਸੱਦਾ ਸਵੀਕਾਰ ਕਰ ਲਿਆ ਹੈ। ਸ਼ੁਭੰਕਰ ਜੀਵ ਮਿਲਖਾ ਸਿੰਘ, ਅਰਜਨ ਅਟਵਾਲ, ਅਨਿਰਬਾਨ ਲਾਹਿੜੀ ਤੋਂ ਬਾਅਦ ਸਿਰਫ ਚੌਥਾ ਭਾਰਤੀ ਗੋਲਫਰ ਹੈ, ਜਿਹੜਾ ਮੇਜਰ ਟੂਰਨਾਮੈਂਟ 'ਚ ਖੇਡਣ ਉਤਰੇਗਾ।