ਪੰਜਾਬ ਕ੍ਰਿਕਟ ਦਾ ਨਵਾਂ ਯੁਵਰਾਜ ਹੈ ਸ਼ੁਭਮਨ

01/31/2018 8:40:50 AM

ਨਵੀਂ ਦਿੱਲੀ, (ਬਿਊਰੋ)— ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਭਾਰਤੀ ਖਿਡਾਰੀ ਸ਼ੁਭਮਨ ਗਿੱਲ ਦੀ ਤਕਨੀਕ ਤੇ ਤਾਕਤ ਨੂੰ ਦੇਖ ਕੇ ਜਾਣਕਾਰ ਉਸ ਨੂੰ ਪੰਜਾਬ ਦਾ ਨਵਾਂ ਯੁਵਰਾਜ ਸਿੰਘ ਦੱਸ ਰਹੇ ਹਨ। ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਫਾਜ਼ਿਲਕਾ ਸ਼ਹਿਰ ਦੇ 18 ਸਾਲ ਦੇ ਇਸ ਕ੍ਰਿਕਟਰ ਨੇ ਅੰਡਰ-19 ਵਿਸ਼ਵ ਕੱਪ 'ਚ ਹੁਣ ਤਕ 341 ਦੌੜਾਂ ਬਣਾਈਆਂ ਹਨ, ਜਿਹੜੀਆਂ ਕਪਤਾਨ ਪ੍ਰਿਥਵੀ ਸ਼ਾਹ ਤੋਂ ਵੀ ਵੱਧ ਹਨ। ਆਈ. ਪੀ. ਐੱਲ. ਨਿਲਾਮੀ 'ਚ ਵੀ ਸ਼ੁਭਮਨ 'ਤੇ ਪੈਸਿਆਂ ਦਾ ਮੀਂਹ ਵਰ੍ਹਿਆ ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਇਸ ਨੌਜਵਾਨ ਖਿਡਾਰੀ ਲਈ 1.8 ਕਰੋੜ ਰੁਪਏ ਦੀ ਬੋਲੀ ਲਾਈ।

ਪੰਜਾਬ ਦੇ ਕਪਤਾਨ ਹਰਭਜਨ ਸਿੰਘ ਨੂੰ ਵੀ ਲੱਗਦਾ ਹੈ ਕਿ ਸ਼ੁਭਮਨ 'ਚ ਸਫਲ ਹੋਣ ਲਈ ਜ਼ਰੂਰੀ ਕਾਬਲੀਅਤ ਹੈ। ਉਸ ਨੇ ਕਿਹਾ, ''ਜ਼ਾਹਿਰ ਜਿਹੀ ਗੱਲ ਹੈ ਕਿ ਉਹ ਜਿੰਨੀ ਜ਼ਿਆਦਾ ਚੰਗੀ ਗੇਂਦਬਾਜ਼ੀ ਦਾ ਸਾਹਮਣਾ ਕਰੇਗਾ, ਉਸ 'ਚ ਓਨਾ ਜ਼ਿਆਦਾ ਸੁਧਾਰ ਆਏਗਾ। ਉਹ ਵੱਖ-ਵੱਖ ਹਾਲਾਤ 'ਚ ਖੇਡੇਗਾ ਤੇ ਅਜਿਹੀ ਸਥਿਤੀ ਦਾ ਸਾਹਮਣਾ ਕਰ ਕੇ ਇਹ ਜਾਣ ਜਾਵੇਗਾ ਕਿ ਮੁਸ਼ਕਿਲ ਹਾਲਾਤ 'ਚ ਦੌੜਾਂ ਕਿਵੇਂ ਬਣਦੀਆਂ ਹਨ। ਮੈਂ ਗਲਤ ਨਹੀਂ ਕਹਾਂਗਾ, ਮੈਂ 18 ਸਾਲ ਦੇ ਯੁਵਰਾਜ ਸਿੰਘ ਨੂੰ ਕਾਫੀ ਨੇੜਿਓਂ ਦੇਖਿਆ ਹੈ, ਸ਼ੁਭਮਨ ਵੀ ਯੁਵਰਾਜ ਦੀ ਤਰ੍ਹਾਂ ਪ੍ਰਤਿਭਾਸ਼ਾਲੀ ਹੈ।'' ਸ਼ੁਭਮਨ ਨੂੰ ਬੀ. ਸੀ. ਸੀ. ਆਈ. ਨੇ 2013-14 'ਚ ਅੰਡਰ-14 ਅਤੇ 2014-15 'ਚ ਅੰਡਰ-16 ਵਰਗ ਦੇ ਸਰਵਸ੍ਰੇਸ਼ਠ ਕ੍ਰਿਕਟਰ ਦੇ ਪੁਰਸਕਾਰ ਵੀ ਦਿੱਤੇ ਹਨ।