ਸਾਨੂੰ ਜਿੱਤ ਦੀ ਜ਼ਰੂਰਤ ਸੀ : ਅਈਅਰ

05/19/2018 3:57:51 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 2018 ਦੇ ਸੀਜ਼ਨ ਦੇ ਕੱਲ ਹੋਏ ਮੈਚ 'ਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਜਿੱਤ ਦਰਜ ਕਰਨ ਦੇ ਬਾਅਦ ਦਿੱਲੀ ਡੇਅਰਡੇਵਿਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਸਾਨੂੰ ਇਸ ਜਿੱਤ ਦੀ ਜ਼ਰੂਰਤ ਸੀ । ਇਸ ਮੈਚ ਵਿੱਚ ਟਾਸ ਹਾਰਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਹਰਸ਼ਲ ਪਟੇਲ ਅਤੇ ਵਿਜੇ ਸ਼ੰਕਰ ਦੀਆਂ 32 ਗੇਂਦਾਂ ਉੱਤੇ 65 ਦੌੜਾਂ ਦੀ ਸਾਂਝੇਦਾਰੀ ਦੇ ਦਮ ਤੇ 162 ਦੌੜਾਂ ਦਾ ਚੁਣੋਤੀ ਭਰਪੂਰ ਸਕੋਰ ਖੜ੍ਹਾ ਕੀਤਾ । ਜਵਾਬ ਵਿੱਚ ਉਤਰੀ ਚੇਨਈ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 6 ਵਿਕਟ ਗੁਆ ਕੇ 128 ਦੌੜਾਂ ਹੀ ਬਣਾ ਸਕੀ । 

ਸ਼ਾਨਦਾਰ ਜਿੱਤ ਹਾਸਲ ਕਰਨ ਦੇ ਬਾਅਦ ਅਈਅਰ ਨੇ ਕਿਹਾ, ''ਸਾਰੇ ਵਿਭਾਗਾਂ ਵਿੱਚ ਚੰਗਾ ਪ੍ਰਦਰਸ਼ਨ ਹੋਇਆ ਅਤੇ ਉਮੀਦਾਂ ਦੇ ਅਨੁਸਾਰ ਹੋਇਆ । ਇਸ ਵਿਕਟ 'ਤੇ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਸੀ ਅਤੇ ਹਰਸ਼ਲ ਪਟੇਲ ਨੇ 7ਵੇਂ ਨੰਬਰ 'ਤੇ ਆ ਕੇ ਆਖਰੀ ਓਵਰ ਵਿੱਚ ਕਮਾਲ ਦੀ ਬੱਲੇਬਾਜ਼ੀ ਕੀਤੀ । ਉਨ੍ਹਾਂ ਤੋਂ ਇਸ ਪ੍ਰਦਰਸ਼ਨ ਦੀ ਉਮੀਦ ਨਹੀਂ ਸੀ ਅਤੇ ਇਹ ਦਸਦਾ ਹੈ ਕਿ ਉਹ ਇੱਥੇ ਕੀ ਹੈ । 162 ਦੌੜਾਂ ਬਣਾਉਣ ਲਈ ਉਨ੍ਹਾਂ ਨੇ ਅਖੀਰ ਵਿੱਚ ਚੰਗੀ ਭੂਮਿਕਾ ਨਿਭਾਈ ।'' 

ਦਿੱਲੀ ਦੀ 13 ਮੈਚਾਂ ਵਿੱਚ ਇਹ ਚੌਥੀ ਜਿੱਤ ਹੈ ਜਦੋਂਕਿ ਚੇਨਈ ਦੀ 13 ਮੈਚਾਂ ਵਿੱਚ ਇਹ ਪੰਜਵੀਂ ਹਾਰ ਹੈ । ਦਿੱਲੀ ਦੇ ਵਿਜੇ ਸ਼ੰਕਰ ਨੇ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 28 ਗੇਂਦਾਂ 'ਤੇ 36 ਦੌੜਾਂ ਬਣਾਈਆਂ, ਜਦੋਂ ਕਿ ਹਰਸ਼ਲ ਪਟੇਲ ਨੇ 4 ਛੱਕਿਆਂ ਅਤੇ ਇੱਕ ਚੌਕੇ ਦੀ ਬਦੌਲਤ 16 ਗੇਂਦਾਂ ਵਿੱਚ 36 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਟਰੇਂਟ ਬੋਲਟ (4 ਓਵਰ, 20 ਦੌੜਾਂ, 2 ਵਿਕਟਾਂ), ਸੰਦੀਪ ਲਾਮਿਛਾਨੇ (4 ਓਵਰ,  21 ਦੌੜਾਂ, 1 ਵਿਕਟ), ਅਵੇਸ਼ ਖਾਨ (2 ਓਵਰ, 28 ਦੌੜਾਂ), ਹਰਸ਼ਲ ਪਟੇਲ (4 ਓਵਰ,  23 ਦੌੜਾਂ, 1 ਵਿਕਟ), ਅਮਿਤ ਮਿਸ਼ਰਾ (4 ਓਵਰ, 20 ਦੌੜਾਂ, 2 ਵਿਕਟਾਂ) ਅਤੇ ਗਲੇਨ ਮੈਕਸਵੇਲ (2 ਓਵਰ, 14 ਦੌੜਾਂ) ਨੇ ਚੇਨਈ ਦੇ ਖਿਲਾਫ ਚੰਗੀ ਗੇਂਦਬਾਜ਼ੀ ਕੀਤੀ ।