ਬੋਲਟ ਦੇ ਕਰੰਟ ਨਾਲ ਸ਼੍ਰੀਲੰਕਾ ਨੂੰ ਲੱਗਾ ਜ਼ੋਰ ਦਾ ਝਟਕਾ

12/28/2018 1:15:56 AM

ਕ੍ਰਾਈਸਟਚਰਚ- ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਘਾਤਕ ਗੇਂਦਬਾਜ਼ੀ ਕਰਦਿਆਂ 15 ਗੇਂਦਾਂ ਦੇ ਫਰਕ 'ਚ ਸਿਰਫ 4 ਦੌੜਾਂ 'ਤੇ 6 ਵਿਕਟਾਂ ਲੈਂਦਿਆਂ ਸ਼੍ਰੀਲੰਕਾ ਨੂੰ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਪਹਿਲੀ ਪਾਰੀ ਵਿਚ 104 ਦੌੜਾਂ 'ਤੇ ਢੇਰ ਕਰ ਦਿੱਤਾ ਤੇ ਨਿਊਜ਼ੀਲੈਂਡ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ।
ਸ਼੍ਰੀਲੰਕਾ ਦੀ ਟੀਮ ਨੇ ਨਿਊਜ਼ੀਲੈਂਡ ਦੀਆਂ ਪਹਿਲੀ ਪਾਰੀ ਵਿਚ 178 ਦੌੜਾਂ ਦੇ ਜਵਾਬ ਵਿਚ ਸਵੇਰੇ 4 ਵਿਕਟਾਂ 'ਤੇ 88 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸ਼੍ਰੀਲੰਕਾ ਦਾ ਸਕੋਰ 94 ਦੌੜਾਂ ਪਹੁੰਚਿਆ ਸੀ ਕਿ ਇਸ ਤੋਂ ਬਾਅਦ ਬੋਲਟ ਨੇ ਕਹਿਰ ਵਰ੍ਹਾਇਆ ਤੇ ਸ਼੍ਰੀਲੰਕਾਈ ਪਾਰੀ 104 ਦੌੜਾਂ 'ਤੇ ਸਿਮਟ ਗਈ।


ਬੋਲਟ ਨੇ 15 ਓਵਰਾਂ ਵਿਚ ਕੁਲ 30 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਟਿਮ ਸਾਊਥੀ ਨੇ 35 ਦੌੜਾਂ 'ਤੇ 3 ਵਿਕਟਾਂ ਲਈਆਂ। ਸ਼੍ਰੀਲੰਕਾ ਨੇ ਆਖਰੀ 6 ਬੱਲੇਬਾਜ਼ 10 ਦੌੜਾਂ ਜੋੜ ਕੇ ਗੁਆ ਦਿੱਤੇ। ਸ਼੍ਰੀਲੰਕਾ ਵਲੋਂ ਐਂਜੇਲੋ ਮੈਥਿਊਜ਼ ਨੇ 88 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ ਅਜੇਤੂ 33 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ ਵਿਚ ਸਟੰਪਸ ਤਕ 2 ਵਿਕਟਾਂ 'ਤੇ 231 ਦੌੜਾਂ ਬਣਾ ਲਈਆਂ ਹਨ। ਨਿਊਜ਼ੀਲੈਂਡ ਦੀ ਕੁਲ ਬੜ੍ਹਤ 305 ਦੌੜਾਂ ਪਹੁੰਚ ਗਈ ਹੈ ਤੇ ਉਸ ਨੇ ਮੈਚ 'ਤੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ।