ਹੁਣ ਨਿਊਜ਼ੀਲੈਂਡ ਦਾ ਕੁਟਾਪਾ ਚਾੜ੍ਹਨ ਦਾ ਸਮਾਂ ਆ ਗਿਐ, ਅਖਤਰ ਨੇ ਕੀਤੀ ਭਵਿੱਖਬਾਣੀ (Video)

01/30/2020 3:15:52 PM

ਨਵੀਂ ਦਿੱਲੀ : ਭਾਰਤ ਨੇ ਬੁੱਧਵਾਰ ਨੂੰ ਹੈਮਿਲਟਨ ਵਿਚ ਖੇਡੇ ਗਏ ਤੀਜੇ ਟੀ-20 ਮੈਚ 'ਚ ਨਿਊਜ਼ੀਲੈਂਡ ਖਿਲਾਫ ਸੁਪਰ ਓਵਰ ਵਿਚ ਰੋਮਾਂਚਕ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਉਸ ਨੇ 5 ਮੈਚਾਂ ਦੀ ਸੀਰੀਜ਼ ਆਪਣੇ ਨਾਂ ਕਰ ਲਈ। ਟੀਮ ਇੰਡੀਆ ਨੇ ਨਿਊਜ਼ੀਲੈਂਡ ਵਿਚ ਪਹਿਲੀ ਵਾਰ ਟੀ-20 ਸੀਰੀਜ਼ ਜਿੱਤੀ ਹੈ। ਇਸ ਜਿੱਤ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਭਾਰਤੀ ਟੀਮ ਦੀ ਖਾਸ ਕਰ ਰੋਹਿਤ ਸ਼ਰਮਾ ਅਤੇ ਮੁਹੰਮਦ ਸ਼ਮੀ ਦੀ ਕਾਫੀ ਸ਼ਲਾਘਾ ਕੀਤੀ। ਹਾਲਾਂਕਿ ਨਿਊਜ਼ੀਲੈਂਡ ਦੇ ਹਾਰਨ 'ਤੇ ਉਸ ਨੂੰ ਦੁੱਖ ਵੀ ਹੋਇਆ। ਉਸ ਦਾ ਕਹਿਣਾ ਹੈ ਕਿ ਇਸ ਮੈਚ ਦਾ ਨਤੀਜਾ ਉਸ ਤਰ੍ਹਾਂ ਦਾ ਰਿਹਾ ਜਿਵੇਂ ਭਾਰਤ ਨੇ ਸ਼ੇਰ ਦੇ ਮੁੰਹੋਂ ਬੁਰਕੀ ਖੋਹ ਲਈ ਹੋਵੇ। ਉਸ ਦੀ ਇਸ ਵੀਡੀਓ 'ਤੇ ਪ੍ਰਸ਼ੰਸਕ ਵੀ ਰੱਜ ਕੇ ਕੁਮੈਂਟ ਕਰ ਰਹੇ ਹਨ।

ਇਸ ਤੋਂ ਇਲਾਵਾ ਅਖਤਰ ਨੇ ਨਿਊਜ਼ੀਲੈਂਡ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਤੁਸੀਂ ਸੁਪਰ ਓਵਰ ਕਿਉਂ ਕਰਾਉਂਦੇ ਹੋ ਜਦਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕਦੇ ਸੁਪਰ ਓਵਰ ਨਹੀਂ ਜਿੱਤ ਸਕਦੇ। ਇਸ ਦੌਰਾਨ ਉਸ ਨੇ ਇਹ ਵੀ ਕਿਹਾ ਕਿ ਹੁਣ ਨਿਊਜ਼ੀਲੈਂਡ ਦਾ ਕੁੱਟ ਖਾਣ ਦਾ ਸਮਾਂ ਆ ਗਿਆ ਹੈ। ਇਸ ਤੋਂ ਬਚਣ ਲਈ ਉਸ ਨੂੰ ਬਹੁਤ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਮੈਨੂੰ ਪਤਾ ਸੀ ਕਿ ਸੁਪਰ ਓਵਰ ਵਿਚ ਇਕ ਹੀ ਖਿਡਾਰੀ ਜਿਤਾ ਸਕਦਾ ਹੈ ਅਤੇ ਉਹ ਹੈ ਰੋਹਿਤ ਸ਼ਰਮਾ।

ਦੱਸ ਦਈਏ ਕਿ ਤੀਜੇ ਟੀ-20 ਮੈਚ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ 20 ਓਵਰਾਂ ਵਿਚ 5 ਵਿਕਟਾਂ 'ਤੇ 179 ਦੌੜਾਂ ਬਣਾਈਆਂ ਸੀ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸ਼ਾਨਦਾਰ 40 ਗੇਂਦਾਂ 65 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 6 ਚੌਕੇ ਅਤੇ 3 ਛੱਕੇ ਵੀ ਲਾਏ। ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਨੇ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ, ਜਿਸ ਕਾਰਨ ਮੈਚ ਦਾ ਨਤੀਜਾ ਸੁਪਰ ਓਵਰ ਤਕ ਪਹੁੰਚ ਗਿਆ। ਨਿਯਮਾਂ ਮੁਤਾਬਕ ਸੁਪਰ ਓਵਰ ਵਿਚ ਕੀਵੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ। ਕੇਨ ਵਿਲੀਅਮਸਨ ਅਤੇ ਮਾਰਟਿਨ ਗੁਪਟਿਲ ਨੇ 18 ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਰੋਹਿਤ ਨੇ ਆਖਰੀ 2 ਗੇਂਦਾਂ 'ਤੇ 2 ਛੱਕੇ ਲਾ ਕੇ ਹਾਸਲ ਕਰ ਲਿਆ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਚੌਥਾ ਮੁਕਾਬਲਾ ਵੈਲਿੰਗਟਨ ਦੇ ਸਕਾਈ ਸਟੇਡੀਅਮ ਵਿਚ ਖੇਡਿਆ ਜਾਵੇਗਾ। ਹਾਲਾਂਕਿ ਟੀਮ ਇੰਡੀਆ ਨੇ ਪਹਿਲਾਂ ਹੀ ਇਸ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾਈ ਹੋਈ ਹੈ।