ਸ਼ਿਵ ਨੇ ਭਾਰਤੀ ਧਰਤੀ ''ਤੇ ਜਿੱਤਿਆ ਪਹਿਲਾ ਏਸ਼ੀਅਨ ਟੂਰ ਖਿਤਾਬ

11/06/2017 12:56:45 AM

ਨਵੀਂ ਦਿੱਲੀ— ਸ਼ਿਵ ਕਪੂਰ ਨੇ 4 ਲੱਖ ਡਾਲਰ ਦੇ 7ਵੇਂ ਪੈਨਾਸੋਨਿਕ ਓਪਨ ਗੋਲਫ ਟੂਰਨਾਮੈਂਟ 'ਚ ਭਾਰਤੀਆਂ ਦਾ ਦਬਦਬਾ ਬਰਕਰਾਰ ਰੱਖਦੇ ਹੋਏ ਐਤਵਾਰ ਦਿੱਲੀ ਗੋਲਫ ਕਲੱਬ 'ਚ ਖਿਤਾਬ ਜਿੱਤ ਲਿਆ, ਜਿਹੜਾ ਭਾਰਤੀ ਧਰਤੀ 'ਤੇ ਉਸ ਦਾ ਪਹਿਲਾ ਏਸ਼ੀਅਨ ਟੂਰ ਖਿਤਾਬ ਹੈ। ਸ਼ਿਵ ਨੇ ਸ਼ਨੀਵਾਰ ਤੀਜੇ ਰਾਊਂਡ ਵਿਚ 18ਵੇਂ ਤੇ ਆਖਰੀ ਹੋਲ 'ਤੇ 25 ਫੁੱਟ ਦੀ ਦੂਰੀ ਤੋਂ ਈਗਲ ਖੇਡ ਕੇ ਸਾਂਝੀ ਬੜ੍ਹਤ ਹਾਸਲ ਕੀਤੀ ਸੀ ਤੇ ਇਸ ਪ੍ਰਦਰਸ਼ਨ ਨੂੰ ਉਸ ਨੇ ਐਤਵਾਰ ਆਖਰੀ ਰਾਊਂਡ ਵਿਚ ਬਰਕਰਾਰ ਰੱਖਦੇ ਹੋਏ 3 ਸ਼ਾਟ ਦੇ ਫਰਕ ਨਾਲ ਆਪਣੇ ਘਰੇਲੂ ਦਿੱਲੀ ਗੋਲਫ ਕਲੱਬ ਵਿਚ ਪਹਿਲਾ ਖਿਤਾਬ ਜਿੱਤ ਲਿਆ।
ਲੰਬੇ ਸਮੇਂ ਤੋਂ ਬਾਅਦ ਕੋਰਸ 'ਤੇ ਵਾਪਸੀ ਕਰਨ ਵਾਲੇ ਸ਼ਿਵ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਉਸਦੀਆਂ ਤਿਆਰੀਆਂ ਬਹੁਤ ਜ਼ਿਆਦਾ ਨਹੀਂ ਹਨ ਪਰ ਉਹ ਆਪਣੀ ਖੇਡ ਨੂੰ ਮਜ਼ੇ ਨਾਲ ਖੇਡਣ ਦੇ ਅੰਦਾਜ਼ ਵਿਚ ਹੀ ਇਸ ਟੂਰਨਾਮੈਂਟ ਵਿਚ ਉਤਰੇਗਾ ਤੇ ਇਸ ਗੱਲ ਨੂੰ ਉਸ ਨੇ ਖਿਤਾਬ ਜਿੱਤ ਕੇ ਸਾਬਤ ਕਰ ਦਿੱਤਾ। ਸ਼ਿਵ ਨੇ ਆਖਰੀ ਰਾਊਂਡ ਵਿਚ 4 ਅੰਡਰ 68 ਦਾ ਕਾਰਡ ਖੇਡਿਆ ਤੇ 17 ਅੰਡਰ 271 ਦੇ ਸਕੋਰ ਨਾਲ ਪੈਨਾਸੋਨਿਕ ਓਪਨ ਦਾ ਖਿਤਾਬ ਆਪਣੇ ਨਾਂ ਕੀਤਾ।  ਸ਼ਿਵ ਤੀਜੇ ਰਾਊਂਡ ਤੋਂ ਬਾਅਦ ਅਮਰੀਕਾ ਦੇ ਪੋਲ ਪੀਟਰਸਨ ਨਾਲ ਸਾਂਝੀ ਬੜ੍ਹਤ 'ਤੇ ਸੀ ਪਰ ਆਖਰੀ ਰਾਊਂਡ ਵਿਚ ਸ਼ਿਵ ਨੇ 68 ਤੇ ਪੀਟਰਸਨ ਨੇ 71 ਦਾ ਕਾਰਡ ਖੇਡਿਆ। ਸ਼ਿਵ ਦਾ ਚਾਰ ਰਾਊਂਡ ਦਾ ਸਕੋਰ 65, 69, 69 ਤੇ 68 ਰਿਹਾ, ਜਦਕਿ ਪੀਟਰਸਨ ਨੇ 69, 64, 70 ਤੇ 71 ਦਾ ਸਕੋਰ ਕੀਤਾ। ਸ਼ਿਵ  ਤੋਂ ਬਾਅਦ 7 ਖਿਡਾਰੀ 14 ਅੰਡਰ 274 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੇ। ਇਨ੍ਹਾਂ 'ਚ ਪੀਟਰਸਨ ਵੀ ਸ਼ਾਮਲ ਹੈ। 
ਭਾਰਤੀ ਗੋਲਫਰ ਨੇ ਫਰੰਟ 9 'ਚੋਂ ਦੂਜੇ ਹੋਲ 'ਤੇ ਬਰਡੀ ਖੇਡੀ ਤੇ ਬਾਕੀ 8 ਹੋਲ ਪਾਰ ਖੇਡੇ। ਬੈਕ 9 'ਚ ਉਸ ਨੇ 10ਵੇਂ ਹੋਲ 'ਤੇ ਬੋਗੀ ਕੀਤੀ ਪਰ ਫਿਰ 11ਵੇਂ, 12ਵੇਂ, 14ਵੇਂ ਤੇ 15ਵੇਂ ਹੋਲ 'ਤੇ ਬਰਡੀ ਖੇਡ ਕੇ ਖਿਤਾਬ 'ਤੇ ਆਪਣਾ ਕਬਜ਼ਾ ਤੈਅ ਕਰ ਲਿਆ। ਪੀਟਰਸਨ ਨੂੰ ਫਰੰਟ 9 ਵਿਚ ਤੀਜੇ ਤੇ ਛੇਵੇਂ ਹੋਲ 'ਤੇ ਬੋਗੀ ਮਾਰਨ ਦਾ ਨੁਕਸਾਨ ਚੁੱਕਣਾ ਪਿਆ ਤੇ ਉਸ ਦੇ ਹੱਥੋਂ ਖਿਤਾਬ ਜਿੱਤਣ ਦਾ ਮੌਕਾ ਨਿਕਲ ਗਿਆ।
ਹਨੀ ਬੋਸੋਯਾ (68) ਤੇ ਸ਼ਮੀਮ ਖਾਨ (72) ਨੇ 12 ਅੰਡਰ 276 ਦੇ ਸਕੋਰ ਨਾਲ ਸਾਂਝੇ ਤੌਰ 'ਤੇ 9ਵਾਂ ਸਥਾਨ ਹਾਸਲ ਕੀਤਾ। ਸਾਬਕਾ ਚੈਂਪੀਅਨ ਮੁਕੇਸ਼ ਕੁਮਾਰ ਆਖਰੀ ਰਾਊਂਡ 'ਚ 70 ਦਾ ਹੀ ਕਾਰਡ ਖੇਡ ਸਕਿਆ ਤੇ ਉਸ ਨੇ 6 ਅੰਡਰ 282 ਦੇ ਸਕੋਰ ਨਾਲ ਸਾਂਝੇ ਤੌਰ 'ਤੇ 21ਵਾਂ ਸਥਾਨ ਹਾਸਲ ਕੀਤਾ। ਇਕ ਹੋਰ ਸਾਬਕਾ ਚੈਂਪੀਅਨ ਦਿਗਵਿਜੇ ਸਿੰਘ ਪੰਜ ਓਵਰ 293 ਦੇ ਸਕੋਰ ਨਾਲ 64ਵੇਂ ਸਥਾਨ 'ਤੇ ਰਿਹਾ।