ਸ਼ਿਵ ਥਾਪਾ, ਮਨੋਜ ਨੂੰ ਚੈੱਕ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਸੋਨ ਤਮਗੇ

07/30/2017 2:41:19 PM

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ਾਂ ਨੇ ਚੈੱਕ ਗਣਰਾਜ ਵਿਚ 48ਵੀਂ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨ, ਦੋ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਿਆ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਸ਼ਿਵ ਥਾਪਾ (60 ਕਿਲੋਗ੍ਰਾਮ), ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਮਨੋਜ ਕੁਮਾਰ (69 ਕਿਲੋਗ੍ਰਾਮ), ਅਮਿਤ ਫੰਗਲ (52 ਕਿਲੋਗ੍ਰਾਮ), ਗੌਰਵ ਬਿਧੂੜੀ (56 ਕਿਲੋਗ੍ਰਾਮ) ਅਤੇ ਸਤੀਸ਼ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਨੇ ਕੱਲ ਰਾਤ ਆਪਣੇ ਫਾਈਨਲ ਮੁਕਾਬਲਿਆਂ 'ਚ ਜਿਤ ਦਰਜ ਕਰਕੇ ਸੋਨ ਤਮਗੇ ਜਿੱਤੇ।

ਕਵਿੰਦਰ ਬਿਸ਼ਟ (52 ਕਿਲੋਗ੍ਰਾਮ) ਅਤੇ ਮਨੀਸ਼ ਪੰਵਾਰ (81 ਕਿਲੋਗ੍ਰਾਮ) ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਸੁਮਿਤ ਸਾਂਗਵਾਨ ਨੇ ਸੈਮੀਫਾਈਨਲ 'ਚ ਹਾਰਨ ਦੇ ਕਾਰਨ ਕਾਂਸੀ ਤਮਗਾ ਹਾਸਲ ਕੀਤਾ ਸੀ। ਅਮਿਤ ਅਤੇ ਕਵਿੰਦਰ ਦੋਵੇਂ ਹੀ ਫਾਈਨਲ ਵਿਚ ਆਹਮੋ-ਸਾਹਮਣੇ ਸਨ। ਇਨ੍ਹਾਂ ਦੋਹਾਂ 'ਚ ਅਮਿਤ ਲਾਈਟ ਫਲਾਈਵੇਟ (49 ਕਿਲੋਗ੍ਰਾਮ ) 'ਚ ਖੇਡਦਾ ਹੈ ਪਰ ਇਸ ਪ੍ਰਤੀਯੋਗਿਤਾ 'ਚ ਉਹ ਫਲਾਈਟਵੇਟ 'ਚ ਉਤਰੇ। ਉਨ੍ਹਾਂ ਨੇ ਕਵਿੰਦਰ ਨੂੰ 3-2 ਨਾਲ ਹਰਾਇਆ।

ਇਸ ਤੋਂ ਬਾਅਦ ਗੌਰਵ ਨੇ ਪੋਲੈਂਡ ਦੇ ਇਵਾਨਾਊ ਜਾਰੋਸਲਾਵ ਨੂੰ ਆਸਾਨੀ ਨਾਲ 5-0 ਨਾਲ ਹਰਾਇਆ। ਹਾਲ ਹੀ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਣ ਵਾਲੇ ਥਾਪਾ ਨੇ ਸਲੋਵਾਕੀਆ ਦੇ ਫਿਲਿਪ ਮੇਸਜਾਰੋਸ 'ਤੇ ਸ਼ੁਰੂ ਤੋਂ ਦਬਦਬਾ ਬਣਾਏ ਰੱਖਿਆ ਅਤੇ 5-0 ਨਾਲ ਜਿੱਤ ਦਰਜ ਕੀਤੀ ਜੋ ਜਰਮਨੀ ਦੇ ਹੈਮਬਰਗ ਵਿਚ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਉਨ੍ਹਾਂ ਲਈ ਮਨੋਬਲ ਵਧਾਉਣ ਵਾਲੀ ਜਿੱਤ ਹੈ।

ਹੈਮਬਰਗ ਜਾਣ ਦੀਆਂ ਤਿਆਰੀਆਂ 'ਚ ਲੱਗੇ ਇਕ ਹੋਰ ਮੁੱਕੇਬਾਜ਼ ਮਨੋਜ ਨੇ ਵੀ ਸਥਾਨਕ ਮੁੱਕੇਬਾਜ਼ ਡੇਵਿਡ ਕੋਟਰਚ ਨੂੰ 5-0 ਨਾਲ ਹਰਾਇਆ। ਸਤੀਸ਼ ਕੁਮਾਰ ਨੂੰ ਹਾਲਾਂਕਿ ਸੋਨ ਤਮਗਾ ਹਾਸਲ ਕਰਨ ਦੇ ਲਈ ਜਰਮਨੀ ਦੇ ਮੈਕਸ ਕੇਲਰ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਮਨੀਸ਼ ਜਰਮਨੀ ਦੇ ਇਬ੍ਰਾਗਿਮ ਬਾਜੁਏਵ ਤੋਂ ਹਾਰ ਹਏ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। 

ਇਸ ਟੂਰਨਾਮੈਂਟ 'ਚ ਭਾਰਤੀ ਮੁੱਕੇਬਾਜ਼ਾਂ ਦਾ 25 ਅਗਸਤ ਤੋਂ 2 ਸਤੰਬਰ ਵਿਚਾਲੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਇਕ ਪੰਦਰਵਾੜੇ ਤੱਕ ਚਲਿਆ ਅਭਿਆਸ ਅਤੇ ਪ੍ਰਤੀਯੋਗਿਤਾ ਦੌਰਾ ਵੀ ਖਤਮ ਹੋ ਗਿਆ। ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਮੁੱਕੇਬਾਜ਼ਾਂ 'ਚ ਅਮਿਤ, ਕਵਿੰਦਰ, ਗੌਰਵ, ਸ਼ਿਵ ਥਾਪਾ, ਸੁਮਿਤ ਅਤੇ ਸਤੀਸ਼ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਵਿਕਾਸ ਕ੍ਰਿਸ਼ਨ (75 ਕਿਲੋਗ੍ਰਾਮ) ਵੀ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ ਪਰ ਉਨ੍ਹਾਂ ਨੇ ਇਸ ਦੌਰੇ 'ਤੇ ਜਾਣ ਦੀ ਬਜਾਏ ਪੁਣੇ 'ਚ ਅਭਿਆਸ ਕਰਨ ਨੂੰ ਤਰਜੀਹ ਦਿੱਤੀ।