ਸ਼ਿਖਰ ਧਵਨ ਨੇ ਤੋੜਿਆ ਕ੍ਰਿਕਟ ਦੇ ਭਗਵਾਨ ਦਾ ਇਹ ਰਿਕਾਰਡ

06/11/2017 10:08:51 PM

ਨਵੀਂ ਦਿੱਲੀ— 'ਗੱਬਰ' ਦੇ ਨਾਂ ਨਾਲ ਮਸ਼ਹੂਰ ਭਾਰਤੀ ਟੀਮ ਦੇ ਓਪਨਰ ਸ਼ਿਖਰ ਧਵਨ ਨੇ ਐਤਵਾਰ ਨੂੰ ਸਾਊਥ ਅਫਰੀਕਾ ਖਿਲਾਫ ਹੋ ਰਹੇ ਚੈਂਪੀਅਨਸ ਟਰਾਫੀ ਦੇ ਮੈਚ ਦੌਰਾਨ ਇਕ ਵੱਡੀ ਉਪਲੰਬਧੀ ਹਾਸਲ ਕਰ ਲਈ ਹੈ। ਧਵਨ ਨੇ ਆਈ. ਸੀ. ਸੀ. ਦੇ ਵਨ ਡੇ ਟੂਰਨਾਮੈਂਟਾਂ 'ਚ 1000 ਦੌੜਾਂ ਪੂਰੀਆਂ ਕਰ ਲਇਆ ਹਨ ਅਤੇ ਇਸ ਦੇ ਨਾਲ ਹੀ ਉਸ ਨੇ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਸਚਿਨ ਨੇ ਆਈ. ਸੀ. ਸੀ. ਦੇ ਵਨ ਡੇ ਟੂਰਨਾਮੈਂਟਾਂ ਚ 1000 ਦੌੜਾਂ 18 ਮੈਚਾਂ 'ਚ ਪੂਰੀਆਂ ਕੀਤੀਆਂ ਸੀ, ਇਸ ਦੇ ਨਾਲ ਹੀ ਧਵਨ ਨੇ ਇਹ ਉਪਲੰਬਧੀ 16 ਮੈਚਾਂ 'ਚ ਹੀ ਹਾਸਲ ਕੀਤੀ ਹੈ। ਧਵਨ ਨੂੰ ਇਹ ਕਾਰਨਾਮਾ ਕਰਨ ਲਈ ਸਿਰਫ 32 ਦੌੜਾਂ ਦੀ ਜਰੂਰਤ ਸੀ, ਜਿਸ ਨੂੰ ਉਸ ਨੇ ਦੱਖਣੀ ਅਫਰੀਕਾ ਖਿਲਾਫ 78 ਦੌੜਾਂ ਦੀ ਪਾਰੀ ਖੇਡ ਕੇ ਹਾਸਲ ਕੀਤੀ।
ਕੋਹਲੀ ਨੇ ਕੀਤੀਆਂ 1000 ਦੌੜਾਂ ਪੂਰੀਆਂ
ਸ਼ਿਖਰ ਧਵਨ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਨੇ ਵੀ ਆਈ. ਸੀ. ਸੀ. ਦੇ ਵਨ ਡੇ ਟੂਰਨਾਮੈਂਟਾਂ 'ਚ 1000 ਦੌੜਾਂ ਪੂਰੀਆਂ ਕਰ ਲਇਆ ਹਨ। ਉਹ ਇਸ ਤਰ੍ਹਾਂ ਦਾ ਕਾਰਨਾਮਾ ਕਰਨ ਵਾਲਾ ਸੱਤਵਾਂ ਭਾਰਤੀ ਖਿਡਾਰੀ ਬਣ ਗਿਆ ਹੈ। ਕੋਹਲੀ ਨੇ ਇਹ ਸਥਾਨ ਹਾਸਲ ਕਰਨ ਲਈ ਆਈ. ਸੀ. ਸੀ. ਟੂਰਨਾਮੈਂਟਾਂ ਦੇ 28 ਮੈਚਾਂ ਦੀ ਸਹਾਰਾ ਲਿਆ। ਜ਼ਿਕਰਯੋਗ ਹੈ ਕਿ ਧਵਨ, ਕੋਹਲੀ ਤੋਂ ਇਲਾਵਾ ਸਚਿਨ ਤੇਂਦੁਲਕਰ (2718) ਸੌਰਵ ਗਾਂਗੁਲੀ (1671), ਰਾਹੁਲ ਦ੍ਰਾਵਿੜ (1487), ਵੀਰੇਂਦਰ ਸਹਿਵਾਗ (1232), ਯੁਵਰਾਜ ਸਿੰਘ (1069) ਆਈ. ਸੀ. ਸੀ. ਦੇ ਵਨ ਡੇ ਟੂਰਨਾਮੈਂਟਾਂ 'ਚ 1000 ਦੌੜਾਂ ਪੂਰੀਆਂ ਕਰ ਚੁੱਕੇ ਹਨ।