T-20 WC : ਭਾਰਤੀ ਰਾਜਨੇਤਾ ਸ਼ਸ਼ੀ ਥਰੂਰ ਨੇ ਵਿਰਾਟ ਕੋਹਲੀ ਤੋਂ ਮੰਗਿਆ ਜਵਾਬ, ਕਿਹਾ- ਹਾਰ ਦੀ ਵਜ੍ਹਾ ਦੱਸਣ

11/01/2021 6:54:31 PM

ਨਵੀਂ ਦਿੱਲੀ- ਨਿਊਜ਼ੀਲੈਂਡ ਖ਼ਿਲਾਫ਼ ਐਤਵਾਰ ਨੂੰ ਟੀ-20 ਵਿਸ਼ਵ ਕੱਪ ਮੁਕਾਬਲੇ 'ਚ ਭਾਰਤੀ ਟੀਮ ਦੀ ਵੱਡੀ ਹਾਰ ਦੇ ਬਾਅਦ ਟੀਮ 'ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਹੁਣ ਸਿਰਫ਼ ਪ੍ਰਸ਼ੰਸਕ ਹੀ ਨਹੀਂ, ਸਗੋਂ ਰਾਜਨੇਤਾ ਵੀ ਟੀਮ ਤੋਂ ਜਵਾਬ ਮੰਗ ਰਹੇ ਹਨ। ਕਾਂਗਰਸ ਦੇ ਨੇਤਾ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇਸ ਹਾਰ ਦੇ ਬਾਅਦ ਨਿਰਾਸ਼ਾ ਜਤਾਉਂਦੇ ਹੋਏ ਕਪਤਾਨ ਵਿਰਾਟ ਕੋਹਲੀ ਤੋਂ ਹਾਰ ਦੀ ਵਜ੍ਹਾ ਪੁੱਛੀ ਹੈ।

ਉਨ੍ਹਾਂ ਨੇ ਇਸ ਸਬੰਧ 'ਚ ਸੋਮਵਾਰ ਨੂੰ ਇਕ ਟਵੀਟ 'ਚ ਲਿਖਿਆ ਕਿ ਅਸੀਂ ਉਨ੍ਹਾਂ ਦਾ ਸਤਿਕਾਰ ਕੀਤਾ ਹੈ, ਉਨ੍ਹਾਂ ਦੀ ਸ਼ਲਾਘਾ ਕੀਤੀ ਹੈ, ਉਨ੍ਹਾਂ ਨੂੰ ਸਨਮਾਨਤ ਕੀਤਾ ਹੈ। ਸਾਨੂੰ ਉਨ੍ਹਾਂ ਦੇ ਹਾਰਨ ਨਾਲ ਕੋਈ ਇਤਰਾਜ਼ ਨਹੀਂ ਹੈ, ਪਰ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਨੇ ਲੜਾਈ ਵੀ ਨਹੀਂ ਲੜੀ। ਕਪਤਾਨ ਨੂੰ ਸਾਨੂੰ ਇਹ ਦਸਣ ਦੀ ਲੋੜ ਨਹੀਂ ਹੈ ਕਿ ਕੀ ਗ਼ਲਤ ਹੋਇਆ, ਅਸੀਂ ਖ਼ੁਦ ਦੇਖ ਸਕਦੇ ਹਾਂ, ਉਨ੍ਹਾਂ ਨੂੰ ਸਾਨੂੰ ਇਹ ਦਸਣਾ ਹੋਵੇਗਾ ਕਿ ਅਜਿਹਾ ਕਿਉਂ ਹੋਇਆ।

ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ 'ਚ ਭਾਰਤ ਦਾ ਅਜੇ ਤਕ ਦਾ ਸਫ਼ਰ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਐਤਵਾਰ ਨੂੰ ਆਪਣੇ ਦੂਜੇ ਮੁਕਾਬਲੇ 'ਚ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਉਸ ਨੂੰ ਪਾਕਿਸਤਾਨ ਦੇ ਖ਼ਿਲਾਫ਼ ਆਪਣੇ ਪਹਿਲੇ ਮੁਕਾਬਲੇ 'ਚ ਵੀ ਹਾਰ ਝੱਲਣੀ ਪਈ ਸੀ।

Tarsem Singh

This news is Content Editor Tarsem Singh