ਸ਼ਾਕਿਬ ਨੇ ਰਚਿਆ ਇਤਿਹਾਸ, ਇਸ ਮਾਮਲੇ ਵਿਚ ਯੁਵਰਾਜ ਦੀ ਕੀਤੀ ਬਰਾਬਰੀ

06/25/2019 1:20:50 PM

ਸਾਊਥੰਪਟਨ : ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਸੋਮਵਾਰ ਨੂੰ ਵਰਲਡ ਕੱਪ ਦੇ ਇਕ ਮੈਚ ਵਿਚ ਅਰਧ ਸੈਂਕੜਾ ਲਗਾਉਣ ਅਤੇ 5 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਅਫਗਾਨਿਸਤਾਨ ਖਿਲਾਫ ਬੰਗਾਲਾਦੇਸ਼ ਨੇ ਇੱਥੇ 62 ਦੌੜਾਂ ਨਾਲ ਜਿੱਤ ਦਰਜ ਕੀਤੀ। ਸ਼ਾਕਿਬ ਨੇ ਗੇਂਦ ਨਾਲ 10 ਓਵਰਾਂ ਵਿਚ ਸਿਰਫ 29 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਜਦਕਿ ਬੱਲੇਬਾਜ਼ੀ ਦੌਰਾਨ 51 ਦੌੜਾਂ ਦੀ ਪਾਰੀ ਖੇਡੀ। ਉਸ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਇਸ ਮੈਚ ਦੌਰਾਨ ਉਹ ਵਰਲਡ ਕੱਪ ਵਿਚ 1000 ਦੌੜਾਂ ਬਣਾਉਣ ਵਾਲੇ ਬੰਗਲਾਦੇਸ਼ ਦੇ ਪਹਿਲੇ ਬੱਲੇਬਾਜ਼ ਵੀ ਬਣੇ। ਟੂਰਨਾਮੈਂਟ ਵਿਚ 2 ਸੈਂਕੜੇ ਲਗਾ ਚੁੱਕੇ ਸ਼ਾਕਿਬ ਅਜਿਹਾ ਕਰਨ ਵਾਲੇ ਵਰਲਡ ਦੇ 19ਵੇਂ ਬੱਲੇਬਾਜ਼ ਵੀ ਬਣੇ। ਮੌਜੂਦਾ ਟੂਰਨਾਮੈਂਟ ਵਿਚ 32 ਸਾਲਾ ਸ਼ਾਕਿਬ ਨੇ 6 ਮੈਚਾਂ ਵਿਚ 476 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਉਸਨੇ 10 ਵਿਕਟਾਂ ਵੀ ਲਈਆਂ ਹਨ। ਇਕ ਵਰਲਡ ਕੱਪ ਵਿਚ ਕਿਸੇ ਖਾਡਰੀ ਨੇ 400 ਤੋਂ ਵੱਧ ਦੌੜਾਂ ਬਣਾਉਂਦਿਆਂ 10 ਵਿਕਟਾਂ ਨਹੀਂ ਲਈਆਂ ਹਨ।

ਯੁਵਰਾਜ ਦੇ ਰਿਕਾਰਡ ਦੀ ਕੀਤੀ ਬਰਾਬਰੀ

ਇਸ ਤੋਂ ਪਹਿਲਾਂ ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ 2011 ਵਿਚ ਹੋਏ ਵਰਲਡ ਕੱਪ ਵਿਚ ਇਕ ਮੈਚ ਵਿਚ 5 ਵਿਕਟਾਂ ਲਈਆਂ ਸੀ ਅਤੇ ਅਰਧ ਸੈਂਕੜਾ ਵੀ ਬਣਾਇਆ ਸੀ। ਉਸਨੇ ਆਇਰਲੈਂਡ ਖਿਲਾਫ ਇਹ ਉਪਲੱਬਧੀ ਹਾਸਲ ਕੀਤੀ ਸੀ।