ਸ਼ਾਕਿਬ ਤੇ ਤਮੀਮ ਨਹੀਂ ਖੇਡਣਗੇ ਢਾਕਾ ਪ੍ਰੀਮੀਅਰ ਲੀਗ, ਵਜ੍ਹਾ ਆਈ ਸਾਹਮਣੇ

06/19/2021 2:03:34 PM

ਢਾਕਾ— ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਤੇ ਸ਼ਾਕਿਬ ਅਲ ਹਸਨ ਢਾਕਾ ਪ੍ਰੀਮੀਅਰ ਲੀਗ (ਡੀ. ਪੀ. ਐੱਲ.) ਦੇ ਅਗਲੇ ਗੇੜ ’ਚ ਨਹੀਂ ਖੇਡਣਗੇ। ਤਮੀਮ ਨੇੇ ਆਪਣੇ ਗੋਡੇ ਦੀ ਸੱਟ ਦੇ ਚਲਦੇ ਰਿਹੈਬਲੀਟੇਸ਼ਨ ਦੇ ਲਈ ਜਾਣ ਦਾ ਫ਼ੈਸਲਾ ਕੀਤਾ ਹੈ। ਦੂਜੇ ਪਾਸੇ ਸ਼ਾਕਿਬ ਆਪਣੇ ਪਰਿਵਾਰ ਦੇ ਨਾਲ ਰਹਿਣ ਲਈ ਅਮਰੀਕਾ ਜਾ ਰਹੇ ਹਨ। ਲੀਗ ’ਚ ਪ੍ਰਾਈਮ ਬੈਂਕ ਕ੍ਰਿਕਟ ਕਲੱਬ ਦੀ ਨੁਮਾਇੰਦਗੀ ਕਰਨ ਵਾਲੇ ਤਮੀਮ ਨੇ ਵੀਰਵਾਰ ਨੂੰ ਕਿਹਾ ਕਿ ਉਹ ਰਿਹੈਬਲੀਟੇਸ਼ਨ ਲਈ ਡੀ. ਪੀ. ਐੱਲ. ਤੋਂ ਬਾਹਰ ਹੋ ਰਹੇ ਹਨ ਕਿਉਂਕਿ ਉਹ ਜਿੰਬਾਬਵੇ ਖ਼ਿਲਾਫ਼ ਇਕ ਟੈਸਟ, ਤਿੰਨ ਵਨ-ਡੇ ਤੇ ਤਿੰਨ ਟੀ-20 ਮੈਚਾਂ ਦੇ ਦੌਰੇ ਤੋਂ ਪਹਿਲਾਂ ਪੂਰੀ ਤਰ੍ਹਾਂ ਫ਼ਿਟ ਹੋਣਾ ਚਾਹੁੰਦੇ ਹਨ।

ਤਮੀਮ ਨੇ ਇਕ ਬਿਆਨ ’ਚ ਕਿਹਾ ਕਿ ਪਿਛਲੇ ਕੁਝ ਮੈਚਾਂ ’ਚ ਮੈਨੂੰ ਆਪਣੇ ਪੈਰਾਂ ’ਚ ਬਹੁਤ ਦਰਦ ਹੋ ਰਿਹਾ ਸੀ। ਮੈਂ ਖ਼ਾਸ ਤੌਰ ’ਤੇ ਫ਼ੀਲਡਿੰਗ ਕਰਦੇ ਸਮੇਂ ਤੇ ਵਿਕਟ ਵਿਚਾਲੇ ਦੌੜਦੇ ਹੋਏ ਬਹੁਤ ਸੰਘਰਸ਼ ਕਰ ਰਿਹਾ ਸੀ। ਮੈਂ ਡਾਕਟਰਾਂ ਤੇ ਬੀ. ਸੀ. ਬੀ. (ਬੰਗਲਾਦੇਸ਼ ਕ੍ਰਿਕਟ ਬੋਰਡ) ਦੇ ਮੈਡੀਕਲ ਸਟਾਫ਼ ਤੋਂ ਸਲਾਹ ਲਈ ਹੈ ਤੇ ਉਨ੍ਹਾਂ ਸਲਾਹ ਦਿੱਤੀ ਹੈ ਕਿ ਇਸ ਸਮੇਂ ਖੇਡਣਾ ਜਾਰੀ ਨਹੀਂ ਰੱਖਣਾ ਹੀ ਮੇਰੇ ਲਈ ਚੰਗਾ ਹੈ। ਮੈਨੂੰ ਸਹੀ ਆਰਾਮ ਤੇ ਕੁਝ ਸਮੇਂ ਦੇ ਰਿਹੈਬਲੀਟੇਸ਼ਨ ਦੀ ਜ਼ਰੂਰਤ ਹੈ, ਕਿਉਂਕਿ ਆਉਣ ਵਾਲੇ ਸਮੇਂ ’ਚ ਕੌਮਾਂਤਰੀ ਕ੍ਰਿਕਟ ਤੇ ਜ਼ਿੰਬਾਬਵੇ ਸੀਰੀਜ਼ ਹੈ ਤੇ ਇਹ ਯਕੀਨੀ ਤੌਰ ’ਤੇ ਮਹੱਤਵਪੂਰਨ ਹੈ। 

ਦੂਜੇ ਪਾਸੇ ਅੰਪਾਇਰਾਂ ਪ੍ਰਤੀ ਆਪਣੇ ਗ਼ੁਸੇ ਵਾਲੇ ਰਵੱਈਏ ਦਿਖਾਉਣ ’ਤੇ ਤਿੰਨ ਮੈਚਾਂ ਦਾ ਬੈਨ ਪੂਰਾ ਕਰਨ ਦੇ ਬਾਅਦ ਡੀ. ਪੀ. ਐੱਲ. ’ਚ ਪਰਤੇ ਤੇ ਇਕ ਮੈਚ ਖੇਡਣ ਵਾਲੇ ਮੋਹਮਡਨ ਸਪੋਰਟਿੰਗ ਕਲੱਬ ਦੇ ਸ਼ਾਕਿਬ ਅਲ ਹਸਨ ਟੂਰਨਾਮੈਂਟ ਦੇ ਦੂਜੇ ਗੇੜ ’ਚ ਉਪਲਬਧ ਨਹੀਂ ਰਹਿਣਗੇ, ਕਿਉਂਕਿ ਉਹ ਆਪਣੇ ਪਰਿਵਾਰ ਦੇ ਨਾਲ ਅਮਰੀਕਾ ਜਾ ਰਹੇ ਹਨ ਤੇ ਉਮੀਦ ਹੈ ਕਿ ਉਹ ਅਮਰੀਕਾ ਤੋਂ ਸਿੱਧੇੇ ਜ਼ਿੰਬਾਬਵੇ ’ਚ ਰਾਸ਼ਟਰੀ ਟੀਮ ’ਚ ਸ਼ਾਮਲ ਹੋਣਗੇ।

Tarsem Singh

This news is Content Editor Tarsem Singh