ਵਿਰਾਟ ਸਾਹਮਣੇ ਬੈਂਗਲੁਰੂ ਨੂੰ ਜਿੱਤ ਦਿਵਾਉਣ ਦੀ ਗੰਭੀਰ ਚੁਣੌਤੀ

04/21/2018 2:15:32 AM

ਬੈਂਗਲੁਰੂ— ਆਈ. ਪੀ. ਐੱਲ. ਦੇ 11ਵੇਂ ਸੈਸ਼ਨ ਵਿਚ ਸ਼ੁਰੂਆਤ ਤੋਂ ਹੀ ਉਤਰਾਅ-ਚੜ੍ਹਾਅ 'ਚੋਂ ਲੰਘ ਰਹੀ ਦਿੱਲੀ ਡੇਅਰਡੇਵਿਲਜ਼ ਆਪਣੇ ਨਵੇਂ ਕਪਤਾਨ ਗੌਤਮ ਗੰਭੀਰ ਦੀ ਅਗਵਾਈ 'ਚ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਰਹੀ ਤੇ ਸ਼ਨੀਵਾਰ ਆਪਣੇ ਅਗਲੇ ਮੁਕਾਬਲੇ 'ਚ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਪਟੜੀ 'ਤੇ ਪਰਤਣ ਲਈ ਜ਼ੋਰ ਲਾਏਗੀ।
ਗੰਭੀਰ ਨੇ ਆਈ. ਪੀ. ਐੱਲ. 'ਚ 2 ਵਾਰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੈਂਪੀਅਨ ਬਣਾਇਆ ਹੈ ਪਰ ਉਸ ਦੀ ਅਗਵਾਈ 'ਚ ਦਿੱਲੀ ਕੁਝ ਖਾਸ ਨਹੀਂ ਕਰ ਰਹੀ ਤੇ ਆਪਣੇ ਪਿਛਲੇ ਚਾਰ ਮੈਚਾਂ 'ਚੋਂ ਸਿਰਫ ਇਕ ਵਿਚ ਹੀ ਜਿੱਤ ਦਰਜ ਕਰ ਸਕੀ ਹੈ। ਪਿਛਲੇ ਮੈਚ 'ਚ ਉਸ ਨੂੰ ਕੋਲਕਾਤਾ ਤੋਂ ਹਾਰ ਝੱਲਣੀ ਪਈ ਤੇ ਉਹ ਅੰਕ ਸੂਚੀ 'ਚ ਆਖਰੀ ਸਥਾਨ 'ਤੇ ਚੱਲ ਰਹੀ ਹੈ।
ਦੂਜੇ ਪਾਸੇ ਦੇਸ਼ ਤੇ ਦੁਨੀਆ ਦੇ ਵੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਬੈਂਗਲੁਰੂ ਦਾ ਵੀ ਹਾਲ ਬਦਲਿਆ ਨਹੀਂ ਹੈ। ਵਿਰਾਟ ਤੋਂ ਇਲਾਵਾ ਏ. ਬੀ. ਡਿਵਿਲੀਅਰਸ, ਕਵਿੰਟਨ ਡੀਕੌਕ ਵਰਗੇ ਜ਼ਬਰਦਸਤ ਖਿਡਾਰੀਆਂ ਵਾਲੀ ਬੈਂਗਲੁਰੂ ਆਈ. ਪੀ. ਐੱਲ. ਦੇ ਪਿਛਲੇ 10 ਸੈਸ਼ਨਾਂ ਦੀ ਤਰ੍ਹਾਂ 11ਵੇਂ ਸੈਸ਼ਨ 'ਚ ਵੀ ਫਾਡੀ ਹੀ ਸਾਬਤ ਹੋ ਰਹੀ ਹੈ ਤੇ ਉਸ ਨੇ ਵੀ ਪਿਛਲੇ ਚਾਰ ਮੈਚਾਂ 'ਚੋਂ ਸਿਰਫ ਇਕ ਹੀ ਮੈਚ ਜਿੱਤਿਆ ਹੈ ਤੇ ਉਹ 8 ਟੀਮਾਂ ਵਿਚਾਲੇ 7ਵੇਂ ਨੰਬਰ 'ਤੇ ਹੈ। ਬੈਂਗਲੁਰੂ ਨੇ ਆਪਣਾ ਪਿਛਲਾ ਮੈਚ ਮੁੰਬਈ ਇੰਡੀਅਨਜ਼ ਹੱਥੋਂ 46 ਦੌੜਾਂ ਨਾਲ ਗੁਆਇਆ ਸੀ। ਉਥੇ ਹੀ ਦਿੱਲੀ ਨੂੰ ਕੋਲਕਾਤਾ ਨੇ 71 ਦੌੜਾਂ ਨਾਲ ਹਰਾਇਆ ਸੀ।
ਹਾਲਾਂਕਿ ਦੋਵਾਂ ਹੀ ਟੀਮਾਂ ਕੋਲ ਗੰਭੀਰ ਤੇ ਵਿਰਾਟ ਵਰਗੇ ਦੋ ਮਜ਼ਬੂਤ ਲੀਡਰ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੀ-ਆਪਣੀ ਟੀਮ ਨੂੰ ਜਿੱਤ ਦੀ ਪਟੜੀ 'ਤੇ ਲੈ ਕੇ ਆਉਣ। ਬੈਂਗਲੁਰੂ ਇਹ ਮੈਚ ਆਪਣੇ ਘਰੇਲੂ ਮੈਦਾਨ 'ਤੇ ਖੇਡਣ ਜਾ ਰਹੀ ਹੈ ਤੇ ਉਸ ਦੇ ਲਈ ਘਰੇਲੂ ਹਾਲਾਤ ਤੇ ਸਮਰਥਨ ਦਾ ਵਾਧੂ ਫਾਇਦਾ ਹੋਵੇਗਾ, ਉਥੇ ਹੀ ਦਿੱਲੀ ਵੀ ਹੁਣ ਜਿੱਤ ਲਈ ਪੂਰਾ ਜ਼ੋਰ ਲਾਉਣ ਦੀ ਕੋਸ਼ਿਸ਼ ਕਰੇਗੀ।