6 ਵਾਰ ਦੀ ਚੈਂਪੀਅਨ ਸੇਰੇਨਾ ਅਮਰੀਕੀ ਓਪਨ ਦੇ ਸੈਮੀਫਾਈਨਲ ''ਚ

09/05/2018 3:14:32 PM

ਨਿਊਯਾਰਕ— 6 ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਸ ਨੇ ਹੌਲੀ ਸ਼ੁਰੂਆਤ ਤੋਂ ਉਭਰਦੇ ਹੋਏ ਅੱਠਵਾਂ ਦਰਜਾ ਪ੍ਰਾਪਤ ਕੈਰੋਲਿਨ ਪਲਿਸਕੋਵਾ ਨੂੰ ਸਿੱਧੇ ਸੈੱਟਾਂ 'ਚ 6-4, 6-3 ਨਾਲ ਹਰਾ ਕੇ ਅਮਰੀਕੀ ਓਪਨ ਦੇ ਮਹਿਲਾ ਸਿੰਗਲ ਸੈਮੀਫਾਈਨਲ 'ਚ ਜਗ੍ਹਾ ਬਣਾਈ। ਰਿਕਾਰਡ ਦੀ ਬਰਾਬਰੀ ਕਰਨ ਵਾਲੇ 24ਵੇਂ ਗ੍ਰੈਂਡਸਲੈਮ ਦੇ ਲਈ ਚੁਣੌਤੀ ਪੇਸ਼ ਕਰ ਰਹੀ ਅਮਰੀਕਾ ਦੀ ਸੇਰੇਨਾ ਨੇ ਸ਼ੁਰੂਆਤ 'ਚ ਹੀ ਆਪਣੀ ਸਰਵਿਸ ਗੁਆ ਦਿੱਤੀ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ 8 ਗੇਮ ਜਿੱਤ ਕੇ ਪਹਿਲਾ ਸੈੱਟ ਆਪਣੇ ਨਾਂ ਕੀਤਾ ਅਤੇ ਦੂਜੇ ਸੈੱਟ 'ਚ 4-0 ਦੀ ਬੜ੍ਹਤ ਬਣਾਈ। ਸੇਰੇਨਾ ਨੂੰ ਇਸ ਤੋਂ ਬਾਅਦ ਉਸ ਖਿਡਾਰਨ ਨੂੰ ਹਰਾਉਣ 'ਚ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ ਜਿਸ ਨੇ 2016 'ਚ ਇੱਥੇ ਉਨ੍ਹਾਂ ਨੂੰ ਹਰਾਇਆ ਸੀ।

ਸੇਰੇਨਾ ਨੇ ਪਹਿਲੇ ਸੈੱਟ 'ਚ 1-3 ਨਾਲ ਪਿੱਛੜਨ ਦੇ ਸੰਦਰਭ 'ਚ ਕਿਹਾ, ''ਮੈਂ ਸਿਰਫ ਬਿਹਤਰ ਖੇਡ ਖੇਡਣਾ ਚਾਹੁੰਦੀ ਸੀ। ਮੈਂ ਸੋਚ ਰਹੀ ਸੀ ਕਿ ਮੈਂ ਇਸ ਤੋਂ ਬਿਹਤਰ ਖੇਡ ਸਕਦੀ ਹਾਂ।'' ਪਲਿਸਕੋਵਾ ਨੂੰ 12 ਬ੍ਰੇਕ ਪੁਆਇੰਟ ਮਿਲੇ ਪਰ ਇਨ੍ਹਾਂ 'ਚੋਂ ਉਹ ਸਿਰਫ ਦੋ ਦਾ ਹੀ ਲਾਹਾ ਲੈ ਸਕੀ। ਸੇਰੇਨਾ ਨੇ 13 ਐੱਸ ਲਗਾਏ। ਸੈਮੀਫਾਈਨਲ 'ਚ ਸੇਰੇਨਾ ਦਾ ਸਾਹਮਣਾ ਅਨਾਸਤਸਿਜਾ ਸੇਵਾਸਤੋਵਾ ਨਾਲ ਹੋਵੇਗਾ। ਲਾਤਵੀਆ ਦੀ 19ਵਾਂ ਦਰਜਾ ਪ੍ਰਾਪਤ ਅਨਾਸਤਸਿਜਾ ਨੇ ਸਾਬਕਾ ਚੈਂਪੀਅਨ ਸਲੋਏਨ ਸਟੀਫਨਸ ਨੂੰ ਸਿੱਧੇ ਸੈੱਟਾਂ 'ਚ 6-2, 6-3 ਨਾਲ ਹਰਾਇਆ। ਮਹਿਲਾ ਸਿੰਗਲ ਦੇ ਇਕ ਹੋਰ ਕੁਆਰਟਰ ਫਾਈਨਲ 'ਚ ਸਪੇਨ ਦੀ ਕਾਰਲਾ ਸੁਆਰੇਜ ਨਵਾਰੋ ਦਾ ਮੁਕਾਬਲਾ 2017 ਦੀ ਉਪ ਜੇਤੂ ਮੈਡਿਸਨ ਕੀਜ਼ ਨਾਲ ਹੋਵੇਗਾ ਜਦਕਿ ਜਾਪਾਨ ਦੀ ਨਾਓਮੀ ਓਸਾਕਾ ਨੂੰ ਯੁਕ੍ਰੇਨ ਦੀ ਲੇਸੀਆ ਸੁਰੇਨਕੋ ਨਾਲ ਭਿੜਨਾ ਹੈ।