ਅਮਰੀਕਾ ਤੇ ਇੰਗਲੈਂਡ ਵਿਚਾਲੇ ਹੋਵੇਗਾ ਸੈਮੀਫਾਈਨਲ ਦੀ ਟਿਕਟ ਲਈ ਮੁਕਾਬਲਾ

10/20/2017 11:31:37 PM

ਫਾਤੋਰਦਾ (ਯੂ. ਐੱਨ. ਆਈ.)—ਪਹਿਲੀ ਵਾਰ ਸੈਮੀਫਾਈਨਲ ਦੀ ਭਾਲ 'ਚ ਲੱਗੇ ਇੰਗਲੈਂਡ ਤੇ ਇਕ ਵਾਰ ਸੈਮੀਫਾਈਨਲ ਖੇਡ ਚੁੱਕੇ ਅਮਰੀਕਾ ਵਿਚਾਲੇ ਸ਼ਨੀਵਾਰ ਨੂੰ ਇਥੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਦੂਜੇ ਕੁਆਰਟਰ ਫਾਈਨਲ 'ਚ ਜ਼ੋਰਦਾਰ ਮੁਕਾਬਲਾ ਹੋਵੇਗਾ ਤੇ ਦੋਵਾਂ ਟੀਮਾਂ ਦੀ ਕੋਸ਼ਿਸ਼ ਹੋਵੇਗੀ ਕਿ ਮੁਕਾਬਲਾ ਜਿੱਤ ਕੇ ਸੈਮੀਫਾਈਨਲ ਦੀ ਟਿਕਟ ਹਾਸਲ ਕੀਤੀ ਜਾਵੇ।
ਇੰਗਲੈਂਡ ਨੇ ਹੁਣ ਤਕ ਟੂਰਨਾਮੈਂਟ 'ਚ ਲਗਾਤਾਰ  ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਹਾਲਾਂਕਿ ਪ੍ਰੀ-ਕੁਆਰਟਰ ਫਾਈਨਲ 'ਚ ਉਸ ਨੂੰ ਏਸ਼ੀਆਈ ਟੀਮ ਜਾਪਾਨ ਤੋਂ ਸਖਤ ਚੁਣੌਤੀ ਮਿਲੀ ਸੀ। ਦੂਜੇ ਪਾਸੇ ਅਮਰੀਕਾ ਦਾ ਰਾਊਂਡ-16 'ਚ ਤੂਫਾਨੀ ਪ੍ਰਦਰਸ਼ਨ ਰਿਹਾ ਸੀ ਤੇ ਉਸ ਨੇ ਪੈਰਾਗਵੇ ਨੂੰ 5-0 ਨਾਲ ਹਰਾਇਆ ਸੀ। 
ਅਮਰੀਕਾ ਨੇ ਗਰੁੱਪ ਮੈਚਾਂ 'ਚ ਭਾਰਤ ਨੂੰ 3-0 ਨਾਲ ਤੇ ਘਾਨਾ ਨੂੰ 1-0 ਨਾਲ ਹਰਾਇਆ ਸੀ ਪਰ ਤੀਜੇ ਮੈਚ 'ਚ ਕੋਲੰਬੀਆ ਨੇ ਉਸ ਨੂੰ 3-1 ਨਾਲ ਹਰਾ ਦਿੱਤਾ। ਅਮਰੀਕਾ ਦੀ ਟੀਮ ਨੇ ਤੀਜੇ ਸਥਾਨ ਦੀਆਂ ਚਾਰ ਸਰਵਸ੍ਰੇਸ਼ਠ ਵਿਚਾਲੇ ਜਗ੍ਹਾ ਬਣਾ ਕੇ ਰਾਊਂਡ-16 ਲਈ ਕੁਆਲੀਫਾਈ ਕੀਤਾ ਸੀ, ਜਿਥੇ ਉਸ ਨੇ ਇਕਤਰਫਾ ਅੰਦਾਜ਼ 'ਚ ਪੈਰਾਗਵੇ ਨੂੰ 5-0 ਨਾਲ ਹਰਾਇਆ ਸੀ।
ਇੰਗਲੈਂਡ ਨੇ ਗਰੁੱਪ ਮੈਚਾਂ 'ਚ ਚਿਲੀ ਨੂੰ 4-0 ਨਾਲ, ਮੈਕਸੀਕੋ ਨੂੰ 3-2 ਨਾਲ ਤੇ ਇਰਾਕ ਨੂੰ 4-0 ਨਾਲ ਹਰਾਇਆ ਸੀ। ਜਾਪਾਨ ਨਾਲ ਉਸ ਦਾ ਰਾਊਂਡ-16 ਵਿਚ ਮੈਚ ਨਿਰਧਾਰਿਤ ਸਮੇਂ ਤਕ ਗੋਲ-ਰਹਿਤ ਡਰਾਅ ਰਿਹਾ ਸੀ, ਜਿਸ ਤੋਂ ਬਾਅਦ ਇੰਗਲੈਂਡ ਨੇ ਪੈਨਲਟੀ ਸ਼ੂਟਆਊਟ 'ਚ 5-3 ਨਾਲ ਜਿੱਤ ਹਾਸਲ ਕੀਤੀ ਸੀ। 
ਇੰਗਲੈਂਡ ਲਈ ਜੇਡਨ ਸਾਂਚੋ ਨੇ ਤਿੰਨ, ਜਦਕਿ ਅਮਰੀਕਾ ਲਈ ਤਿਮੋਥੀ ਵੀਹ ਨੇ ਵੀ ਤਿੰਨ ਗੋਲ ਕੀਤੇ ਹਨ। ਅਮਰੀਕਾ ਦੇ ਐਂਡ੍ਰਿਊ ਕਾਰਲਟਨ ਤੇ ਜੋਸ਼ ਸਾਰਜੈਂਟ ਨੇ 2-2 ਗੋਲ ਕੀਤੇ ਹਨ। ਵੀਹ ਨੇ ਪੈਰਾਗਵੇ ਵਿਰੁੱਧ ਸ਼ਾਨਦਾਰ ਹੈਟ੍ਰਿਕ ਲਾਈ ਸੀ, ਜਦਕਿ ਕਾਰਲਟਨ ਤੇ ਸਾਰਜੈਂਟ ਨੇ 1-1 ਗੋਲ ਕੀਤਾ ਸੀ।
ਇੰਗਲੈਂਡ ਨੂੰ ਆਪਣੇ ਗੋਲਕੀਪਰ ਕਰਟਿਸ ਐਂਡਰਸਨ ਤੋਂ ਜਾਪਾਨ ਵਿਰੁੱਧ ਮੈਚ ਦੌਰਾਨ ਕੀਤੇ ਗਏ ਪ੍ਰਦਰਸ਼ਨ ਦੀ ਤਰ੍ਹਾਂ ਇਕ ਹੋਰ ਚਮਤਕਾਰ ਦੀ ਉਮੀਦ ਹੋਵੇਗੀ। ਐਂਡਰਸਨ ਨੇ ਜਾਪਾਨ ਵਿਰੁੱਧ ਸ਼ੂਟਆਊਟ 'ਚ ਇਕ ਪੈਨਲਟੀ ਬਚਾਈ ਸੀ ਤੇ ਇਕ ਗੋਲ ਵੀ ਕੀਤਾ ਸੀ। ਇੰਗਲੈਂਡ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੇ ਇਤਿਹਾਸ 'ਚ ਹੁਣ ਤਕ ਇਕ ਵਾਰ ਵੀ ਸੈਮੀਫਾਈਨਲ 'ਚ ਨਹੀਂ ਪਹੁੰਚ ਸਕਿਆ ਹੈ, ਜਦਕਿ ਅਮਰੀਕਾ ਨੇ 1999 'ਚ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ।
ਅਮਰੀਕਾ ਨੂੰ ਜਿਥੇ 18 ਸਾਲ ਬਾਅਦ ਪਹਿਲੇ ਸੈਮੀਫਾਈਨਲ ਦੀ ਭਾਲ ਹੈ, ਉਥੇ ਹੀ ਇੰਗਲੈਂਡ ਵੀ ਇਸ ਵਾਰ ਮੌਕੇ ਤੋਂ ਖੁੰਝਣਾ ਨਹੀਂ ਚਾਹੇਗਾ।