ਮੈਰੀਕਾਮ ਸਮੇਤ 2 ਹੋਰ ਮੁੱਕੇਬਾਜ਼ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ

11/05/2017 12:53:13 AM

ਨਵੀਂ ਦਿੱਲੀ— ਐੱਮ. ਸੀ. ਮੈਰੀਕਾਮ ਨੇ ਏਸ਼ੀਆਈ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ 6ਵਾਂ ਤਮਗਾ ਪੱਕਾ ਕੀਤਾ, ਜਿਸ ਵਿਚ ਤਿੰਨ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਇਸ ਮਹਾਦੀਪੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।  ਮੈਰੀਕਾਮ ਦੇ ਨਾਲ ਸ਼ਿਕਸ਼ਾ (54 ਕਿ. ਗ੍ਰਾ.) ਤੇ ਪ੍ਰਿਯੰਕਾ ਚੌਧਰੀ (60 ਕਿ. ਗ੍ਰਾ.) ਨੇ ਤਮਗਾ ਦੌਰ ਵਿਚ ਜਗ੍ਹਾ ਬਣਾਈ।
ਪੰਜ ਵਾਰ ਦੀ ਵਿਸ਼ਵ ਚੈਂਪੀਅਨ ਤੇ ਓਲੰਪਿਕ ਕਾਂਸੀ ਤਮਗਾ ਜੇਤੂ ਮੈਰੀਕਾਮ ਨੇ 48 ਕਿ. ਗ੍ਰਾ. ਲਾਈਟ ਫਲਾਈਟਵੇਟ ਵਰਗ ਦੇ ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਦੀ ਮੇਂਗ ਚਿ ਪਿਨ ਨੂੰ ਵੰਡੇ ਹੋਏ ਫੈਸਲੇ ਵਿਚ ਹਰਾ ਕੇ ਆਖਰੀ-4 ਵਿਚ ਜਗ੍ਹਾ ਤੈਅ ਕੀਤੀ। 
ਇਸ 34 ਸਾਲਾ ਮੁੱਕੇਬਾਜ਼ ਨੇ ਇਸ ਤੋਂ ਪਹਿਲਾਂ ਇਸ ਚੈਂਪੀਅਇਨਸ਼ਿਪ ਦੇ ਪਿਛਲੇ 5 ਸੈਸ਼ਨਾਂ ਵਿਚ ਚਾਰ ਸੋਨ ਤੇ ਇਕ ਚਾਂਦੀ ਤਮਗਾ ਜਿੱਤਿਆ ਹੈ। ਉਹ ਸੈਮੀਫਾਈਨਲ ਵਿਚ ਜਾਪਾਨ ਦੀ ਸੁਬਾਸਾ ਕੋਮੁਰਾ ਨਾਲ ਭਿੜੇਗੀ। 
ਮੈਰੀਕਾਮ ਨੇ ਇਸ ਤਰ੍ਹਾਂ ਇਕ ਸਾਲ ਤੋਂ ਜ਼ਿਆਦਾ ਸਮੇਂ ਵਿਚ ਆਪਣਾ ਪਹਿਲਾ ਤਮਗਾ ਪੱਕਾ ਕੀਤਾ, ਜਿਹੜਾ ਇਸ ਮੁੱਕੇਬਾਜ਼ ਲਈ ਕਾਫੀ ਮਨੋਬਲ ਵਧਾਉਣ ਵਾਲਾ ਹੈ, ਜਿਹੜੀ ਪਿਛਲੇ ਸਾਲ ਓਲੰਪਿਕ ਕੁਆਲੀਫਿਕੇਸ਼ਨ ਤੋਂ ਖੁੰਝ ਗਈ ਸੀ। 
ਦੂਜੇ ਪਾਸੇ ਸ਼ਿਕਸ਼ਾ ਨੇ ਉਜ਼ਬੇਕਿਸਤਾਨ ਦੀ ਫੇਰਾਂਗਿਜ ਖੋਸ਼ਿਮੋਵਾ ਵਿਰੁੱਧ ਹਮਲਾਵਰ ਵਤੀਰਾ ਅਪਣਾਇਆ ਤੇ ਆਪਣੀ ਵਿਰੋਧੀ ਨੂੰ ਜ਼ਰਾ ਵੀ ਮੌਕਾ ਨਹੀਂ ਦਿੱਤਾ। ਇਸ ਤੋਂ ਜੱਜਾਂ ਨੇ ਸ਼ਿਕਸ਼ਾ ਦੇ ਹੱਕ ਵਿਚ ਸਰਬਸੰਮਤੀ ਨਾਲ ਫੈਸਲਾ ਦਿੱਤਾ। ਸ਼ਿਕਸ਼ਾ ਹੁਣ ਸੈਮੀਫਾਈਨਲ ਵਿਚ ਚੀਨੀ ਤਾਈਪੇ ਦੀ ਲਿਨ ਯੂ ਟਿੰਗ ਨਾਲ ਭਿੜੇਗੀ। 
ਪ੍ਰਿਯੰਕਾ ਨੇ ਵੀ ਸ਼੍ਰੀਲੰਕਾ ਦੀ ਦੁਲਾਨਜਾਨੀ ਲੰਕਾਪੂਰਾਯਾਲਾਗੇ ਵਿਰੁੱਧ ਬਾਊਟ ਵਿਚ ਦਬਦਬਾ ਬਣਾਇਆ ਤੇ ਉਸ ਨੂੰ 5-0 ਨਾਲ ਜਿੱਤ ਦਰਜ ਕਰਨ ਵਿਚ ਜ਼ਰਾ ਵੀ ਮੁਸ਼ਕਿਲ ਨਹੀਂ ਹੋਈ।  ਹਾਲਾਂਕਿ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸਵੀਟੀ ਬੁਰਾ (75 ਕਿ. ਗ੍ਰਾ.) ਓਲੰਪਿਕ ਕਾਂਸੀ ਤਮਗਾ ਜੇਤੂ ਲਿ ਕਿਯਾਨ ਤੋਂ 0-5 ਨਾਲ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ।