ਸੀਮਾ ਪੂਨੀਆ ਦਾ ਡੋਪ ਟੈਸਟ ਹੋਵੇਗਾ

03/09/2018 2:25:39 PM

ਪਟਿਆਲਾ, (ਬਿਊਰੋ)— ਡਿਸਕਸ ਥ੍ਰੋਅਰ ਸੀਮਾ ਪੂਨੀਆ ਦਾ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਚੈਂਪੀਅਨਸ਼ਿਪ ਦੌਰਾਨ ਡੋਪ ਟੈਸਟ ਕੀਤਾ ਜਾਵੇਗਾ ਕਿਉਂਕਿ ਇੱਥੇ 22ਵੀਂ ਫੈੱਡਰੇਸ਼ਨ ਕੱਪ ਰਾਸ਼ਟਰੀ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਉਸਦਾ ਟੈਸਟ ਨਹੀਂ ਹੋ ਸਕਿਆ ਸੀ।
ਸੀਮਾ ਨੇ ਇੱਥੇ ਪੰਜ ਮਾਰਚ ਨੂੰ ਚੈਂਪੀਅਨਸ਼ਿਪ ਦੇ ਪਹਿਲੇ ਦਿਨ 61.05 ਦੇ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ ਸੀ ਪਰ ਨਾਡਾ ਅਧਿਕਾਰੀਆਂ ਦੇ ਨਾ ਪਹੁੰਚਣ ਕਾਰਨ ਉਸਦਾ ਡੋਪ ਟੈਸਟ ਨਹੀਂ ਕੀਤਾ ਜਾ ਸਕਿਆ ਸੀ।  ਨਾਡਾ ਅਧਿਕਾਰੀ 6 ਮਾਰਚ ਨੂੰ ਪਹੁੰਚੇ ਪਰ ਤਦ ਤਕ ਸੀਮਾ ਇੱਥੋਂ ਜਾ ਚੁੱਕੀ ਸੀ।
ਨਾਡਾ ਨੇ ਭਾਰਤੀ ਐਥਲੈਟਿਕਸ ਮਹਾਸੰਘ ਨੂੰ ਕਿਹਾ ਸੀ ਕਿ ਉਹ ਸੀਮਾ ਨਾਲ ਸੰਪਰਕ ਕਰ ਕੇ ਦੱਸਣ ਕਿ ਉਸਦਾ ਟੈਸਟ ਕੀਤਾ ਜਾ ਸਕਦਾ ਹੈ, ਜਿਸ 'ਤੇ ਏ. ਐੱਫ. ਆਈ. ਨੇ ਅਮਲ ਕੀਤਾ ਤੇ ਨਾਡਾ ਅਧਿਕਾਰੀ ਸੀਮਾ ਦੇ ਟੈਸਟ ਲਈ ਸੋਨੀਪਤ ਰਵਾਨਾ ਹੋ ਰਹੇ ਹਨ।