ਬ੍ਰਿਟੇਨ ਹਮਲੇ ਤੋਂ ਬਾਅਦ ਫ੍ਰੈਂਚ ਓਪਨ ''ਚ ਵੀ ਸੁਰੱਖਿਆ ਦੀ ਚਿੰਤਾ

05/24/2017 11:39:01 PM


ਪੈਰਿਸ— ਪਿਛਲੇ ਕੁਝ ਸਮੇਂ ਤੋਂ ਫਰਾਂਸ ਅੱਤਵਾਦੀ ਘਟਨਾਵਾਂ ਨਾਲ ਜੂਝ ਰਿਹਾ ਹੈ ਤੇ ਹਾਲ ਹੀ ਵਿਚ ਬ੍ਰਿਟੇਨ 'ਚ ਹੋਏ ਫਿਦਾਈਨ ਹਮਲੇ ਦੇ ਬਾਅਦ ਤੋਂ ਇਥੇ ਅਗਲੇ ਹਫਤੇ ਤੋਂ ਸ਼ੁਰੂ ਹੋਣ ਜਾ ਰਹੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।
ਬ੍ਰਿਟੇਨ ਵਿਚ ਕੰਸਰਟ ਦੌਰਾਨ ਇਕ ਅੱਤਵਾਦੀ ਨੇ ਖੁਦ ਨੂੰ ਧਮਾਕਾ ਕਰ ਕੇ ਉਡਾ ਲਿਆ ਸੀ, ਜਿਸ ਵਿਚ 22 ਲੋਕਾਂ ਦੀ ਮੌਤ ਹੋ ਗਈ ਸੀ ਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਗਏ ਸਨ। ਟੈਨਿਸ ਸਟਾਰ ਲੁਕਾਸ ਪੋਇਲੀ ਨੇ ਵੀ ਮੰਨਿਆ ਕਿ ਬ੍ਰਿਟੇਨ ਵਿਚ ਹੋਈ ਘਟਨਾ ਦਾ ਅਸਰ ਫ੍ਰੈਂਚ ਓਪਨ 'ਤੇ ਵੀ ਪਵੇਗਾ ਤੇ ਉਸ ਨੂੰ ਟੂਰਨਾਮੈਂਟ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਹੈ।
ਬ੍ਰਿਟੇਨ ਦੇ ਮਾਨਚੈਸਟਰ ਵਿਚ ਹੋਈ ਇਸ ਘਟਨਾ ਦੀ ਕਥਿਤ ਤੌਰ 'ਤੇ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਪੈਰਿਸ ਪੁਲਸ ਮੁਖੀ ਮਾਈਕਲ ਡੇਲਪੂਏ ਨੇ ਕਿਹਾ ਕਿ ਫ੍ਰਾਂਸੀਸੀ ਪ੍ਰਸ਼ਾਸਨ ਹੁਣ ਖੇਡ ਪ੍ਰਤੀਯੋਗਿਤਾਵਾਂ ਤੇ ਕਿਸੇ ਵੀ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਸੁਰੱਖਿਆ 'ਤੇ ਖਾਸ ਤੌਰ 'ਤੇ ਨਜ਼ਰ ਰੱਖੇ ਹੋਏ ਹਨ ਤੇ ਅਗਲੇ ਹਫਤੇ ਤੋਂ ਸ਼ੁਰੂ ਹੋਣ ਜਾ ਰਹੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਲਈ ਵੀ ਸੁਰੱਖਿਆ ਦੇ ਪ੍ਰਬੰਧਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।