ਸੌਰਭ ਨੇ ਕਸ਼ਯਪ ਨੂੰ ਕੀਤਾ ਉਲਟਫੇਰ ਦਾ ਸ਼ਿਕਾਰ

08/04/2017 12:46:31 AM

ਆਕਲੈਂਡ— ਸੱਤਵਾਂ ਦਰਜਾ ਭਾਰਤੀ ਖਿਡਾਰੀ ਸੌਰਭ ਵਰਮਾ ਨੇ ਯੂ. ਐੱਸ. ਓਪਨ ਉਪ ਜੇਤੂ ਤੇ ਤਜਰਬੇਕਾਰ ਹਮਵਤਨ ਪਰੂਪੱਲੀ ਕਸ਼ਯਪ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਂਦਿਆਂ ਵੀਰਵਾਰ ਨੂੰ ਇੱਥੇ ਨਿਊਜ਼ੀਲੈਂਡ  ਗ੍ਰਾਂ. ਪ੍ਰੀ. ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਉਥੇ ਹੀ ਚੌਥਾ ਦਰਜਾ ਪ੍ਰਾਪਤ ਐੱਚ. ਐੱਸ. ਪ੍ਰਣਯ ਨੇ ਵੀ ਆਪਣੇ ਮੁਕਾਬਲੇ ਵਿਚ ਜਿੱਤ ਦਰਜ ਕੀਤੀ।  
ਪੁਰਸ਼ ਸਿੰਗਲਜ਼ ਦੇ ਤੀਜੇ ਦੌਰ ਦੇ ਮੁਕਾਬਲੇ ਵਿਚ ਦੋਵੇਂ ਹਮਵਤਨ ਖਿਡਾਰੀ ਆਹਮੋ-ਸਾਹਮਣੇ ਸਨ ਪਰ ਸੌਰਭ ਨੇ 15ਵਾਂ ਦਰਜਾ ਕਸ਼ਯਪ ਦੀ ਚੁਣੌਤੀ ਨੂੰ ਇਕ ਘੰਟਾ ਚਾਰ ਮਿੰਟ ਵਿਚ ਖਤਮ ਕਰ ਕੇ 21-18, 13-21, 21-16 ਨਾਲ ਮੈਚ ਜਿੱਤ ਲਿਆ। ਦੋਵੇਂ ਭਾਰਤੀ ਖਿਡਾਰੀਆਂ ਵਿਚਾਲੇ ਇਹ ਕਰੀਅਰ ਦਾ ਪਹਿਲਾ ਮੈਚ ਸੀ। 
ਯੂ. ਐੱਸ. ਓਪਨ ਦਾ ਖਿਤਾਬ ਜਿੱਤ ਕੇ ਇੱਥੇ ਪਹੁੰਚੇ ਚੌਥਾ ਦਰਜਾ ਪ੍ਰਣਯ ਨੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਵਧਾਇਆ ਤੇ 46 ਮਿੰਟ ਵਿਚ 10ਵੀਂ ਰੈਂਕਿੰਗ ਦੇ ਵੇਈ ਨਾਨ ਨੂੰ 21-18, 21-19 ਨਾਲ  ਲਗਾਤਾਰ ਸੈੱਟਾਂ ਵਿਚ ਹਾਰ ਦਿੱਤੀ।
ਇਸ ਤੋਂ ਪਹਿਲਾਂ ਪੁਰਸ਼ ਡਬਲਜ਼ ਵਿਚ ਸਾਹਿਲ ਸਿਪਾਨੀ ਤੇ ਜਗਦੀਸ਼ ਯਾਦਵ ਦੀ ਜੋੜੀ ਨੂੰ ਮਲੇਸ਼ੀਆ  ਦੇ ਨੂਰ ਮੁਹੰਮਦ ਅਜਰਿਨ ਅਯੂਬ ਤੇ ਜੀ. ਹੇਂਗ ਦੀ ਜੋੜੀ ਨੇ 21-12, 21-16 ਨਾਲ ਹਰਾ ਕੇ ਪਹਿਲੇ ਹੀ ਦੌਰ ਵਿਚ ਬਾਹਰ ਕਰ ਦਿੱਤਾ।