ਸਤੇਂਦਰ ਨੂੰ ਸੋਨਾ, ਭਾਰਤ ਨੇ ਜਿੱਤੇ ਕੁਲ 20 ਤਮਗੇ

11/07/2017 5:21:27 AM

ਨਵੀਂ ਦਿੱਲੀ— ਸਤੇਂਦਰ ਸਿੰਘ ਦੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ-ਪੁਜ਼ੀਸ਼ਨ ਪ੍ਰਤੀਯੋਗਿਤਾ 'ਚ ਸੋਨਾ ਤੇ ਸੰਜੀਵ ਰਾਜਪੂਤ ਦੇ ਚਾਂਦੀ ਤਮਗੇ ਸਮੇਤ ਭਾਰਤ ਨੇ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਸੋਮਵਾਰ ਖਤਮ ਹੋਈ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਆਪਣੀ ਮੁਹਿੰਮ 6 ਸੋਨ ਸਮੇਤ 20 ਤਮਗਿਆਂ ਨਾਲ ਖਤਮ ਕੀਤੀ।
ਭਾਰਤ ਨੇ ਇਕ ਹਫਤੇ ਤਕ ਚੱਲੀ ਇਸ ਚੈਂਪੀਅਨਸ਼ਿਪ 'ਚ 6 ਸੋਨ, 7 ਚਾਂਦੀ ਤੇ 7 ਕਾਂਸੀ ਤਮਗੇ ਜਿੱਤੇ। ਇਨ੍ਹਾਂ 'ਚ ਇਕ ਸੋਨਾ ਤੇ ਇਕ ਚਾਂਦੀ ਸ਼ਾਟਗੰਨ ਪ੍ਰਤੀਯੋਗਿਤਾਵਾਂ ਤੋਂ ਹਨ, ਜਦਕਿ ਬਾਕੀ ਰਾਈਫਲ ਤੇ ਪਿਸਟਲ ਪ੍ਰਤੀਯੋਗਿਤਾਵਾਂ ਤੋਂ ਹਨ। 
ਸਤੇਂਦਰ ਤੇ ਸੰਜੀਵ ਤੋਂ ਇਲਾਵਾ ਚੈਨ ਸਿੰਘ ਨੇ 50 ਮੀਟਰ ਰਾਈਫਲ ਥ੍ਰੀ-ਪੁਜ਼ੀਸ਼ਨ ਪ੍ਰਤੀਯੋਗਿਤਾ 'ਚ 8 ਨਿਸ਼ਾਨੇਬਾਜ਼ਾਂ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਸਤੇਂਦਰ 1162 ਦੇ ਸਕੋਰ ਨਾਲ ਕੁਆਲੀਫਿਕੇਸ਼ਨ 'ਚ ਦੂਜੇ ਨੰਬਰ 'ਤੇ ਸੀ। ਉਸ ਨੇ ਪ੍ਰੋਨ ਵਿਚ 400 'ਚੋਂ 394 ਦਾ ਸਕੋਰ ਕਰ ਕੇ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ।
ਤਜਰਬੇਕਾਰ ਨਿਸ਼ਾਨੇਬਾਜ਼ ਸੰਜੀਵ ਰਾਜਪੂਤ 1158 ਦੇ ਸਕੋਰ ਨਾਲ ਤੀਜੇ ਨੰਬਰ 'ਤੇ ਸੀ। ਚੈਨ ਸਿੰਘ ਦਾ ਵੀ ਇੰਨਾ ਹੀ ਸਕੋਰ ਸੀ ਪਰ ਕਮ ਟੈੱਨ ਹੋਣ ਦਾ ਕਾਰਨ ਉਹ ਚੌਥੇ ਨੰਬਰ 'ਤੇ ਰਿਹਾ। ਫਾਈਨਲ 'ਚ ਸਤੇਂਦਰ ਨੇ ਸ਼ੁਰੂਆਤ ਤੋਂ ਹੀ ਬੜ੍ਹਤ ਬਣਾਈ। ਰਾਜਪੂਤ ਨੇ 45 ਸ਼ਾਟ ਦੇ ਫਾਈਨਲ 'ਚ ਮੁਕਾਬਲਾ ਨੇੜਲਾ ਰੱਖਿਆ। ਸਤੇਂਦਰ 454.2 ਦੇ ਸਕੋਰ ਨਾਲ ਸੋਨਾ ਜਿੱਤਣ 'ਚ ਕਾਮਯਾਬ ਰਿਹਾ। ਰਾਜਪੂਤ ਦਾ ਸਕੋਰ 453.3 ਰਿਹਾ। ਚੈਨ ਸਿੰਘ ਸ਼ੁਰੂਆਤ 'ਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਪੱਛੜਦਾ ਗਿਆ। ਆਸਟਰੇਲੀਆ ਦੇ ਡੇਨ ਸੈਂਪਸਨ ਨੂੰ ਕਾਂਸੀ ਤਮਗਾ ਮਿਲਿਆ। ਪੁਰਸ਼ ਟ੍ਰੈਪ ਪ੍ਰਤੀਯੋਗਿਤਾ 'ਚ ਬਿਰੇਨਦੀਪ ਸੋਢੀ ਨੇ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ 'ਚ ਜਗ੍ਹਾ ਬਣਾਈ। ਉਸ ਨੇ ਕੁਆਲੀਫਿਕੇਸ਼ਨ 'ਚ 125 ਵਿਚੋਂ 118 ਦਾ ਸਕੋਰ ਕੀਤਾ ਤੇ ਪੰਜਵੇਂ ਸਥਾਨ 'ਤੇ ਰਿਹਾ। ਸੋਢੀ ਨੂੰ ਫਾਈਨਲ 'ਚ ਪਹੁੰਚਣ ਤੋਂ ਬਾਅਦ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ।