ਸਰਹਾਲਾ ਰਾਣੂੰਆਂ ਕਲੱਬ ਦੀ ਟੀਮ ਦਾ ਕਬੱਡੀ ਕੱਪ ''ਤੇ ਕਬਜ਼ਾ

12/12/2018 2:25:21 AM

ਲਹਿਰਾਗਾਗਾ (ਗੋਇਲ)- ਸਵ. ਲਾਲ ਸਿੰਘ ਲਾਲੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਪਤੀ ਮਰਹੂਮ ਲਾਲ ਸਿੰਘ ਲਾਲੀ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਪੰਜਵਾਂ ਕਬੱਡੀ ਕੱਪ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕੀਤਾ। ਜਦੋਂਕਿ ਖੇਡ ਮੇਲੇ ਦੇ ਅੰਤਿਮ ਦਿਨ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਕਲੱਬ ਦੇ ਸੰਸਥਾਪਕ ਅਤੇ ਯੂਥ ਕਾਂਗਰਸ ਲੋਕ ਸਭਾ ਹਲਕਾ ਸੰਗਰੂਰ ਦੇ ਪ੍ਰਧਾਨ ਰਾਹੁਲ ਸਿੱਧੂ ਅਤੇ ਵਿਕਰਮਜੀਤ ਸਿੰਘ ਬਾਜਵਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮ ਵੰਡੇ। ਹਲਕਾ ਇੰਚਾਰਜ ਸੁਨਾਮ ਮੈਡਮ ਦਾਮਨ ਥਿੰਦ ਬਾਜਵਾ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਲਵਾਈ।
ਟੂਰਨਾਮੈਂਟ ਦੌਰਾਨ 75 ਕਿਲੋ, ਓਪਨ ਅਤੇ ਅਕੈਡਮੀਆਂ ਦੇ ਮੁਕਾਬਲੇ ਹੋਏ । 75 ਕਿਲੋ ਵਿਚ 40 ਟੀਮਾਂ, ਓਪਨ 'ਚ 36 ਟੀਮਾਂ ਅਤੇ 8 ਅਕੈਡਮੀਆਂ ਨੇ ਭਾਗ ਲਿਆ । ਨਾਰਥ ਜ਼ੋਨ ਦੀਆਂ ਅਕੈਡਮੀਆਂ ਦੇ ਹੋਏ ਗਹਿਗੱਚ ਮੁਕਾਬਲਿਆਂ 'ਚ ਸਰਹਾਲਾ ਰਾਣੂੰਆਂ ਕਲੱਬ ਨੇ ਕੱਪ 'ਤੇ ਕਬਜ਼ਾ ਕੀਤਾ ਅਤੇ 1.50 ਲੱਖ ਦਾ ਨਕਦ ਇਨਾਮ ਜਿੱਤਿਆ ਜਦੋਂਕਿ ਸ਼ਾਹਕੋਟ ਦੀ ਟੀਮ ਦੂਸਰੇ ਨੰਬਰ 'ਤੇ ਰਹੀ ਅਤੇ ਇਕ ਲੱਖ ਦਾ ਇਨਾਮ ਜਿੱਤਿਆ ।
ਇਸੇ ਤਰ੍ਹਾਂ 75 ਕਿਲੋ ਦੇ ਮੁਕਾਬਲਿਆਂ 'ਚ ਪਿੰਡ ਬਹਾਦਰਪੁਰ ਦੀ ਟੀਮ ਨੇ ਪਹਿਲਾ, ਪਿੰਡ ਜਖੇਪਲ ਥੇਹ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਓਪਨ ਦੇ ਮੁਕਾਬਲਿਆਂ 'ਚ ਬਾਬਾ ਧੂਣੀ ਦਾਸ ਕਲੱਬ ਪਿੰਡ ਢੰਡੋਲੀ ਦੀ ਟੀਮ ਨੇ ਪਹਿਲਾ, ਪਿੰਡ ਛਾਤਰ (ਹਰਿਆਣਾ) ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਓਪਨ ਦੇ ਬੈਸਟ ਰੇਡਰ ਮਨਦੀਪ ਢੰਡੋਲੀ, ਕਾਲਾ ਢੰਡੋਲੀ ਅਤੇ ਬੈਸਟ ਜਾਫੀ ਬੱਬੂ ਝਨੇੜੀ, ਲੱਖਾਂ ਢੰਡੋਲੀ ਨੂੰ ਜੀਪਾਂ ਨਾਲ ਸਨਮਾਨਤ ਕੀਤਾ ਗਿਆ । ਕੁੜੀਆਂ ਦੇ ਮੁਕਾਬਲਿਆਂ 'ਚ ਸਮੈਨ ਦੀ ਟੀਮ ਫਸਟ ਅਤੇ ਬਲਬੇੜਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਅੰਤਿਮ ਦਿਨ ਪੰਜਾਬੀ ਗਾਇਕਾ ਕੌਰ ਬੀ ਅਤੇ ਲਾਭ ਹੀਰਾ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਇਸ ਮੌਕੇ ਅਰਪਿੰਦਰ ਸਿੱਧੂ ਡਿਪਟੀ ਐਡਵੋਕੇਟ ਜਨਰਲ ਪੰਜਾਬ, ਕਲੱਬ ਦੇ ਸਰਪ੍ਰਸਤ ਸਨਮੀਕ ਹੈਨਰੀ, ਪ੍ਰਧਾਨ ਕਿਰਪਾਲ ਸਿੰਘ ਨਾਥਾ, ਸੋਮਨਾਥ ਸਿੰਗਲਾ, ਵਰਿੰਦਰ ਗੋਇਲ ਐਡਵੋਕੇਟ, ਰਜੇਸ਼ ਭੋਲਾ, ਹੈਪੀ ਜਵਾਹਰਵਾਲਾ, ਜਸਵਿੰਦਰ ਰਿੰਪੀ, ਮਾਸਟਰ ਰਕੇਸ਼ ਕੁਮਾਰ, ਪ੍ਰਸ਼ੋਤਮ ਗੋਇਲ, ਜੀਵਨ ਕੁਮਾਰ ਰੱਬੜ, ਕੌਂਸਲਰ ਮਹੇਸ਼ ਸ਼ਰਮਾ, ਦਰਸ਼ਨ ਸਿੰਘ ਲੇਹਲਾਂ, ਰਤਨ ਸ਼ਰਮਾ, ਰਾਜ ਚੰਡੀਗੜ੍ਹੀਆ, ਸਿਕੰਦਰ ਖਾਨ ਤੋਂ ਇਲਾਵਾ ਹੋਰ ਹਾਜ਼ਰ ਸਨ।