ਪਾਕਿ ਬੋਰਡ ਦੇ ਪ੍ਰਧਾਨ ਮੋਹਸਿਨ ਨੇ ਸਰਫਰਾਜ਼ ਨੂੰ ਟੈਸਟ ਕਪਤਾਨੀ ਤੋਂ ਹਟਾਉਣ ਦੀ ਕੀਤੀ ਸਿਫਾਰਿਸ਼
Wednesday, Oct 31, 2018 - 05:11 PM (IST)

ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ ਦੀ ਨਵੀਂ ਗਠਿਤ ਹੋਈ ਕ੍ਰਿਕਟ ਕਮੇਟੀ ਦੇ ਪ੍ਰਧਾਨ ਮੋਹਸਿਨ ਖਾਨ ਦਾ ਮੰਨਣਾ ਹੈ ਕਿ 3 ਸਵਰੂਪਾਂ ਵਿਚ ਪਾਕਿਸਤਾਨ ਦੀ ਕਪਤਾਨੀ ਨਾਲ ਸਰਫਰਾਜ਼ 'ਤੇ ਕਾਫੀ ਦਬਾਅ ਪੈ ਰਿਹਾ ਹੈ ਅਤੇ ਉਸ ਦੀ ਜਗ੍ਹਾ ਟੈਸਟ ਕਪਤਾਨੀ ਕਿਸੇ ਹੋਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਸਾਬਕਾ ਟੈਸਟ ਬੱਲੇਬਾਜ਼ ਮੋਹਸਿਨ ਨੇ ਸੁਝਾਅ ਦਿੱਤਾ ਹੈ ਕਿ ਪੀ. ਸੀ. ਬੀ. ਕਿਸੇ ਹੋਰ ਸੀਨੀਅਰ ਖਿਡਾਰੀ ਨੂੰ ਟੈਸਟ ਕਪਤਾਨੀ ਦੇ ਸਕਦਾ ਹੈ ਜਿਸ ਨਾਲ ਕਿ ਸਰਫਰਾਜ ਪੂਰੀ ਤਰ੍ਹਾਂ ਨਾਲ 50 ਓਵਰ ਅਤੇ ਟੀ-20 ਵਿਚ ਧਿਆਨ ਦੇ ਸਕੇ। ਮੋਹਸਿਨ ਨੇ ਕਿਹਾ, ''ਮੈਂ ਸਿਰਫ ਸੁਝਾਅ ਦਿੱਤਾ ਹੈ ਕਿਉਂਕਿ ਨਿਜੀ ਤੌਰ 'ਤੇ ਮੰਨਣਾ ਹੈ ਕਿ ਟੀਮ ਵਿਕਟਕੀਪਰ ਬੱਲੇਬਾਜ਼ ਦੇ ਰੂਪ 'ਚ ਸਰਫਰਾਜ਼ 'ਤੇ ਕਾਫੀ ਜ਼ਿਆਦਾ ਦਬਾਅ ਹੈ। ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਦੌਰਾਨ ਉਹ ਥੱਕਿਆ ਹੋਇਆ ਲਗ ਰਿਹਾ ਸੀ।''
ਪਾਕਿਸਤਾਨ ਕ੍ਰਿਕਟ ਦੇ ਮੁੱਖ ਚੋਣਕਰਤਾ ਅਤੇ ਮੁੱਖ ਕੋਚ ਦੀ ਵੀ ਭੂਮਿਕਾ ਨਿਭਾ ਰਹੇ ਮੋਹਸਿਨ ਨੇ ਕਿਹਾ ਕਿ ਸਰਫਰਾਜ਼ ਨੂੰ ਕੁਝ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਉਸ ਨੇ ਕਿਹਾ, ''ਏਸ਼ੀਆ ਕੱਪ ਟੂਰਨਾਮੈਂਟ ਦੌਰਾਨ ਸਰਫਰਾਜ਼ ਦੀ ਬਾਡੀ ਲੈਂਗੁਏਜ ਇੰਨੀ ਖਰਾਬ ਸੀ ਕਿ ਮੈਨੂੰ ਉਸ ਦੇ ਲਈ ਦੁੱਖ ਹੋ ਰਿਹਾ ਸੀ। ਮੋਹਸਿਨ ਨੇ ਬੋਰਡ ਨੂੰ ਵੀ ਸੁਝਾਅ ਦਿੱਤਾ ਹੈ ਕਿ ਕਿਸੇ ਹੋਰ ਖਿਡਾਰੀ ਨੂੰ ਟੈਸਟ ਵਿਚ ਡੇਢ ਸਾਲ ਲਈ ਕਪਤਾਨ ਬਣਾਇਆ ਜਾਵੇ ਜਦੋਂ ਤੱਕ ਸਰਫਰਾਜ਼ ਵਿਸ਼ਵ ਕੱਪ ਤੋਂ ਬਾਅਦ ਸਾਰੇ ਸਵਰੂਪਾਂ ਦਾ ਦਬਾਅ ਝਲਣ ਵਿਚ ਸਮਰੱਥ ਨਹੀਂ ਹੋ ਜਾਂਦਾ।