ਟੀਮ ਦੇ ਦੌਰਿਆਂ ''ਤੇ ਪਤਨੀਆਂ ਦੇ ਜਾਣ ਦਾ ਸਮਰਥਨ ਕੀਤਾ ਸਾਨੀਆ ਨੇ

10/03/2019 9:05:09 PM

ਨਵੀਂ ਦਿੱਲੀ - ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਕ੍ਰਿਕਟ ਦੌਰਿਆਂ 'ਤੇ ਕ੍ਰਿਕਟਰਾਂ ਦੀਆਂ ਪਤਨੀਆਂ ਤੇ ਮਹਿਲਾ ਦੋਸਤਾਂ ਨੂੰ ਨਾਲ ਲਿਜਾਣ ਦੀ ਮਨਜ਼ੂਰੀ ਨਾ ਦੇਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਵਤੀਰਾ ਉਸ ਮਾਨਸਿਕਤਾ ਨਾਲ ਬਣਿਆ ਹੈ, ਜਿਸ ਵਿਚ ਮਹਿਲਾਵਾਂ ਨੂੰ ਤਾਕਤ ਨਹੀਂ ਸਗੋਂ ਧਿਆਨ ਭੰਗ ਕਰਨ ਵਾਲੀਆਂ ਮੰਨਿਆ ਜਾਂਦਾ ਹੈ। ਸਾਨੀਆ ਨੇ ਇੱਥੇ ਭਾਰਤੀ ਆਰਥਿਕ ਮੰਚ 'ਤੇ ਕਿਹਾ ਕਿ ਲੜਕੀਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਉਸ ਨੇ ਕਿਹਾ, ''ਕਈ ਵਾਰ ਸਾਡੀ ਕ੍ਰਿਕਟ ਟੀਮ ਤੇ ਕਈ ਹੋਰ ਟੀਮਾਂ ਵਿਚ, ਮੈਂ ਦੇਖਿਆ ਹੈ ਕਿ ਪਤਨੀਆਂ ਜਾਂ ਮਹਿਲਾ ਦੋਸਤਾਂ ਨੂੰ ਦੌਰੇ 'ਤੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਕਿਉਂਕਿ ਲੜਕਿਆਂ ਦਾ ਧਿਆਨ ਭੰਗ ਹੋ ਜਾਵੇਗਾ।'' ਸਾਨੀਆ ਨੇ ਕਿਹਾ, ''ਇਸ ਦਾ ਕੀ ਮਤਲਬ? ਮਹਿਲਾਵਾਂ ਅਜਿਹਾ ਕੀ ਕਰਦੀਆਂ ਹਨ ਕਿ ਉਸ ਨਾਲ ਪੁਰਸ਼ਾਂ ਦਾ ਧਿਆਨ ਇੰਨਾ ਭੰਗ ਹੋ ਜਾਂਦਾ ਹੈ?''

PunjabKesari
ਉਸ ਨੇ ਕਿਹਾ, ''ਦੇਖੋ ਇਹ ਚੀਜ਼ ਉਸ ਮੰਦਭਾਗੀ ਮਾਨਸਿਕਤਾ ਤੋਂ ਆਉਂਦੀ ਹੈ, ਜਿਸ ਵਿਚ ਮੰਨਿਆ ਜਾਂਦਾ ਹੈ ਕਿ ਮਹਿਲਾਵਾਂ ਤਾਕਤ ਨਹੀਂ ਸਗੋਂ ਧਿਆਨ ਭੰਗ ਕਰਦੀਆਂ ਹਨ।'' ਸਾਨੀਆ ਨੇ ਕਿਹਾ ਕਿ ਇਹ ਸਾਬਤ ਹੋ ਚੁੱਕਾ ਹੈ ਕਿ ਟੀਮ ਵਿਚ ਪੁਰਸ਼ ਖਿਡਾਰੀ ਤਦ ਬਿਹਤਰ ਪ੍ਰਦਰਸ਼ਨ ਕਰਦੇ ਹਨ ਜਦੋਂ ਉਨ੍ਹਾਂ ਦੀਆਂ ਪਤਨੀਆਂ, ਮਹਿਲਾ ਦੋਸਤ ਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਰਹਿੰਦਾ ਹੈ ਕਿਉਂਕਿ ਇਸ ਨਾਲ ਜਦੋਂ ਉਹ ਕਮਰੇ ਵਿਚ ਆਉਂਦੇ ਹਨ ਤਾਂ ਉਹ ਖੁਸ਼ੀ ਮਹਿਸੂਸ ਕਰਦੇ ਹਨ।''

PunjabKesari
ਉਸ ਨੇ ਕਿਹਾ, ''ਉਹ (ਪੁਰਸ਼ ਖਿਡਾਰੀ) ਖਾਲੀ ਕਮਰੇ ਵਿਚ ਵਾਪਸ ਨਹੀਂ ਆਉਂਦੇ, ਉਹ ਬਾਹਰ ਜਾ ਸਕਦੇ ਹਨ, ਡਿਨਰ ਕਰ ਸਕਦੇ ਹਨ ਪਰ ਜਦੋਂ ਤੁਹਾਡੀ ਪਤਨੀ ਜਾਂ ਮਹਿਲਾ ਦੋਸਤ ਤੁਹਾਡੇ ਨਾਲ ਹੁੰਦੀ ਹੈ ਤਾਂ ਇਸ ਤੋਂ ਤੁਹਾਨੂੰ ਸਹਿਯੋਗ ਮਿਲਦਾ ਹੈ।'' ਜਦੋਂ ਉਸ ਤੋਂ ਵਿਸ਼ਵ ਕੱਪ ਵਿਚ ਪਾਕਿਸਤਾਨੀ ਟੀਮ ਦੀ ਹਾਰ ਦੇ ਬਾਰੇ ਪੁੱਛਿਆ ਗਿਆ ਤਾਂ ਸਾਨੀਆ ਨੇ ਕਿਹਾ ਕਿ ਆਖਿਰ ਉਹ ਇਸ ਦੇ ਲਈ ਕਿਵੇਂ ਜ਼ਿੰਮੇਵਾਰ ਹੈ।
ਉਸ ਨੇ ਕਿਹਾ, ''ਜਦੋਂ ਵਿਰਾਟ ਜ਼ੀਰੋ ਬਣਾਉਂਦਾ ਹੈ ਤਾਂ ਅਨੁਸ਼ਕਾ ਸ਼ਰਮਾ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਇਸਦਾ ਕਿੱਥੇ ਲੈਣਾ-ਦੇਣਾ ਹੈ। ਇਸ ਦਾ ਕੋਈ ਮਤਲਬ ਨਹੀਂ ਬਣਦਾ।''


Gurdeep Singh

Content Editor

Related News