ਸਾਨੀਆ ਨੇ ਮਿਕਸਡ ਡਬਲਜ਼ ਸੈਮੀਫਾਈਨਲ ''ਚ ਹਾਰ ਕੇ ਵਿੰਬਲਡਨ ਨੂੰ ਕਿਹਾ ਅਲਵਿਦਾ

07/07/2022 12:26:30 PM

ਵਿੰਬਲਡਨ (ਏਜੰਸੀ)- ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਮਿਕਸਡ ਡਬਲਜ਼ ਦੇ ਸੈਮੀਫਾਈਨਲ 'ਚ ਮੌਜੂਦਾ ਚੈਂਪੀਅਨ ਨੀਲ ਕੁਪਸਕੀ ਅਤੇ ਡੇਸਿਰੇ ਕਰੋਜਿਕ ਤੋਂ ਹਾਰ ਕੇ ਵਿੰਬਲਡਨ ਨੂੰ ਅਲਵਿਦਾ ਕਹਿ ਦਿੱਤਾ। ਸਾਨੀਆ ਅਤੇ ਕ੍ਰੋਏਸ਼ੀਆ ਦੀ ਮੇਟ ਪਾਵਿਚ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੂੰ ਬ੍ਰਿਟੇਨ ਦੀ ਕੁਪਸਕੀ ਅਤੇ ਅਮਰੀਕਾ ਦੀ ਡੇਸਿਰੇ ਨੇ 4. 6, 7. 5, 6 . 4 ਨਾਲ ਹਰਾਇਆ। 35 ਸਾਲਾ ਸਾਨੀਆ ਨੇ 6 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਮਿਕਸਡ ਡਬਲਜ਼ ਖ਼ਿਤਾਬ ਸ਼ਾਮਲ ਹਨ, ਹਾਲਾਂਕਿ ਉਨ੍ਹਾਂ ਨੇ ਕਦੇ ਵੀ ਵਿੰਬਲਡਨ ਮਿਕਸਡ ਡਬਲਜ਼ ਖ਼ਿਤਾਬ ਨਹੀਂ ਜਿੱਤਿਆ ਹੈ।

ਉਨ੍ਹਾਂ ਨੇ 2009 ਆਸਟ੍ਰੇਲੀਅਨ ਓਪਨ ਅਤੇ 2012 ਫ੍ਰੈਂਚ ਓਪਨ ਮਹੇਸ਼ ਭੂਪਤੀ ਨਾਲ ਅਤੇ 2014 ਯੂਐਸ ਓਪਨ ਬ੍ਰਾਜ਼ੀਲ ਦੇ ਬਰੂਨੋ ਸੁਆਰੇਸ ਨਾਲ ਜਿੱਤਿਆ ਸੀ। ਟੂਰ 'ਤੇ ਸਾਨੀਆ ਦਾ ਇਹ ਆਖ਼ਰੀ ਸਾਲ ਹੈ। ਉਨ੍ਹਾਂ ਨੇ ਅਤੇ ਪਾਵਿਚ ਨੇ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੂਜੇ ਸੈੱਟ ਵਿਚ ਵੀ 4.2 ਦੀ ਬੜ੍ਹਤ ਬਣਾ ਲਈ ਸੀ ਪਰ ਅਗਲੇ 6 ਮੈਚਾਂ ਵਿੱਚੋਂ ਪੰਜ ਹਾਰ ਗਏ। ਫੈਸਲਾਕੁੰਨ ਸੈੱਟ ਵਿੱਚ ਸਾਨੀਆ ਅਤੇ ਪਾਵਿਚ ਨੇ ਵਿਰੋਧੀ ਦੀ ਸਰਵਿਸ ਤੋੜੀ ਪਰ ਜ਼ਿਆਦਾ ਦੇਰ ਤੱਕ ਦਬਾਅ ਨੂੰ ਬਰਕਰਾਰ ਨਹੀਂ ਰੱਖ ਸਕੇ। ਪਾਵਿਚ ਨੇ 12ਵੀਂ ਗੇਮ ਵਿੱਚ ਦੋ ਡਬਲ ਫਾਲਟ ਕੀਤੇ। ਵਿੰਬਲਡਨ ਵਿੱਚ ਇਹ ਸਾਨੀਆ ਦਾ ਸਰਵੋਤਮ ਪ੍ਰਦਰਸ਼ਨ ਹੈ। ਉਹ 2011, 2013 ਅਤੇ 2015 ਵਿੱਚ ਕੁਆਰਟਰ ਫਾਈਨਲ ਤੱਕ ਪਹੁੰਚੀ ਸੀ। ਉਨ੍ਹਾਂ ਨੇ ਵਿੰਬਲਡਨ ਵਿੱਚ 2015 ਵਿੱਚ ਮਾਰਟੀਨਾ ਹਿੰਗਿਸ ਨਾਲ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ।


cherry

Content Editor

Related News