ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਇਸ ਟੂਰਨਾਮੈਂਟ 'ਚ ਖੇਡੇਗੀ ਆਖ਼ਰੀ ਵਾਰ

01/07/2023 2:49:33 PM

ਸਪੋਰਟਸ ਡੈਸਕ- 6 ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਮਿਰਜ਼ਾ ਨੇ ਸ਼ਨੀਵਾਰ ਨੂੰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੁਬਈ ਵਿੱਚ WTA 1000 ਈਵੈਂਟ ਉਸਦਾ ਆਖਰੀ ਟੂਰਨਾਮੈਂਟ ਹੋਵੇਗਾ। ਸਾਨੀਆ ਨੇ ਤਿੰਨ ਵਾਰ ਮਹਿਲਾ ਡਬਲਜ਼ ਗ੍ਰੈਂਡ ਸਲੈਮ ਅਤੇ ਤਿੰਨ ਵਾਰ ਮਿਕਸਡ ਡਬਲਜ਼ ਦੇ ਖਿਤਾਬ ਜਿੱਤੇ ਹਨ । ਉਹ ਇਸ ਮਹੀਨੇ ਆਸਟਰੇਲੀਆ ਓਪਨ ਦੇ ਡਬਲਜ਼ ਵਿੱਚ ਖੇਡੇਗੀ।

ਪਹਿਲਾਂ ਵੀ ਟੈਨਿਸ ਤੋਂ ਸੰਨਿਆਸ ਦਾ ਫੈਸਲਾ ਕਰਕੇ ਵਾਪਸੀ ਕੀਤੀ ਸੀ ਸਾਨੀਆ ਨੇ

36 ਸਾਲਾ ਸਾਨੀਆ ਨੇ ਪਿਛਲੇ ਸਾਲ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਉਸਨੇ ਆਪਣਾ ਐਲਾਨ ਵਾਪਸ ਲੈ ਲਿਆ। ਟੈਨਿਸ ਦੀ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਉਸ ਨੇ ਸੰਨਿਆਸ ਤੋਂ ਵਾਪਸੀ 'ਤੇ ਕਿਹਾ ਸੀ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਸੱਟ ਕਾਰਨ ਟੈਨਿਸ ਤੋਂ ਦੂਰ ਰਹਾਂ। ਇਸ ਲਈ ਮੈਂ ਰਿਟਾਇਰ ਹੋਣ ਦੇ ਆਪਣੇ ਫੈਸਲੇ ਨੂੰ ਅੱਗੇ ਵਧਾਇਆ ਅਤੇ ਫਿਰ ਟ੍ਰੇਨਿੰਗ ਸ਼ੁਰੂ ਕੀਤੀ। 

ਇਹ ਵੀ ਪੜ੍ਹੋ : ਹਾਕੀ ਵਿਸ਼ਵ ਕੱਪ 2023: ਓਡੀਸ਼ਾ ਪੁੱਜੀ ਬੈਲਜੀਅਮ ਦੀ ਟੀਮ, 14 ਜਨਵਰੀ ਤੋਂ ਸ਼ੁਰੂ ਹੋਵੇਗੀ ਮੁਹਿੰਮ

ਸਾਨੀਆ ਦੀਆਂ ਉਪਲੱਬਧੀਆਂ

ਸਾਨੀਆ ਮਿਰਜਾ ਡਬਲਜ਼ 'ਚ 6 ਗ੍ਰੈਂਡ ਸਲੈਮ ਜਿੱਤ ਚੁੱਕੀ ਹੈ। ਉਹ 2009 'ਚ ਆਸਟ੍ਰੇਲੀਅਨ ਓਪਨ ਮਿਕਸਡ ਡਬਲਜ਼, 2012 'ਚ ਫ੍ਰੈਂਚ ਓਪਨ ਮਿਕਸਡ ਡਬਲਜ਼, 2014 'ਚ ਯੂ. ਐੱਸ. ਓਪਨ ਮਿਕਸਡ ਡਬਲਜ਼, 2015 'ਚ ਵਿੰਬਲਡਨ ਵਿਮੈਂਸ ਡਬਲਜ਼, 2015 'ਚ ਯੂ. ਐੱਸ. ਓਪਨ ਵਿਮੈਂਸ  ਡਬਲਜ਼, 2016 'ਚ ਆਸਟ੍ਰੇਲੀਅਨ ਓਪਨ ਵਿਮੈਂਸ ਡਬਲਜ਼ ਦੇ ਖ਼ਿਤਾਬ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ 2004 'ਚ ਅਰਜੁਨ ਐਵਾਰਡ, 2006 'ਚ ਪਦਮਸ਼੍ਰੀ ਐਵਾਰਡ, 2015 'ਚ ਰਾਜੀਵ ਗਾਂਧੀ ਖੇਡ ਰਤਨ ਤੇ 2016 'ਚ ਪਦਮ ਭੂਸ਼ਣ ਐਵਾਰਡ ਵਰਗੇ ਸਨਮਾਨ ਹਾਸਲ ਕਰ ਚੁੱਕੀ ਹੈ। 

ਪਿਛਲੇ ਸਾਲ ਸਾਨੀਆ ਅਤੇ ਸ਼ੋਏਬ ਮਲਿਕ ਦੇ ਤਲਾਕ ਦੀ ਖਬਰ ਆਈ ਸੀ ਸਾਹਮਣੇ

ਸਾਨੀਆ ਦਾ ਵਿਆਹ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਹੋਇਆ ਹੈ। ਪਿਛਲੇ ਸਾਲ ਨਵੰਬਰ ਮਹੀਨੇ 'ਚ ਸ਼ੋਏਬ ਮਲਿਕ ਤੋਂ ਤਲਾਕ ਦੀਆਂ ਖਬਰਾਂ ਆਈਆਂ ਸਨ। ਹਾਲਾਂਕਿ ਦੋਵਾਂ ਵਲੋਂ ਇਸ 'ਤੇ ਕੁਝ ਨਹੀਂ ਕਿਹਾ ਗਿਆ। ਬਾਅਦ ਵਿੱਚ ਸਾਨੀਆ ਨੇ ਸ਼ੋਏਬ ਮਲਿਕ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਹੈਦਰਾਬਾਦ ਅਤੇ ਦੁਬਈ 'ਚ ਅਕੈਡਮੀ ਚਲਾਏਗੀ।

ਨੋਟ : ਇਸ ਖ਼ਬਰ ਬਾਰੀ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।

Tarsem Singh

This news is Content Editor Tarsem Singh