ਪੇਸ-ਪੂਰਵ ਹਾਰੇ, ਸਾਨੀਆ ਵੀ ਉਲਟਫੇਰ ਦਾ ਸ਼ਿਕਾਰ

08/24/2017 4:33:28 PM

ਨਵੀਂ ਦਿੱਲੀ— ਚੋਟੀ ਦਾ ਦਰਜਾ ਪ੍ਰਾਪਤ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੀ ਰੋਮਾਨੀਆਈ ਜੋੜੀਦਾਰ ਮੋਨਿਕਾ ਨਿਕੇਲੇਸਕਿਊ ਨੂੰ ਨਿਊ ਹੈਵਨ 'ਚ ਚਲ ਰਹੇ ਕੁਨੈਕਟੀਕਟ ਓਪਨ ਡਬਲਯੂ.ਟੀ.ਏ. ਟੈਨਿਸ ਟੂਰਨਾਮੈਂਟ 'ਚ ਮਹਿਲਾ ਡਬਲਜ਼ ਪ੍ਰੀ ਕੁਆਰਟਰਫਾਈਨਲ 'ਚ ਉਲਟਫੇਰ ਦਾ ਸ਼ਿਕਾਰ ਹੋਣਾ ਰਿਹਾ ਹੈ ਜਦਕਿ ਵਿੰਸਟਨ-ਸਲੇਮ 'ਚ ਪੁਰਸ਼ ਡਬਲਜ਼ 'ਚ ਲਿਏਂਡਰ ਪੇਸ ਅਤੇ ਪੂਰਵ ਰਾਜਾ ਵੀ ਹਾਰ ਕੇ ਬਾਹਰ ਹੋ ਗਏ ਹਨ। 

ਸਿਨਸਿਨਾਟੀ 'ਚ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ ਸਾਨੀਆ ਅਤੇ ਮੋਨਿਕਾ ਟੂਰਨਾਮੈਂਟ 'ਚ ਚੋਟੀ ਦੀ ਰੈਂਕਿੰਗ ਵਾਲੀ ਜੋੜੀ ਦੇ ਤੌਰ 'ਤੇ ਉਤਰੀ ਸੀ ਪਰ ਮਹਿਲਾ ਡਬਲਜ਼ ਪ੍ਰ੍ਰੀ ਕੁਆਰਟਰਫਾਈਨਲ ਮੈਚ 'ਚ ਉਨ੍ਹਾਂ ਨੂੰ ਵਿਕਲਪਕ ਪ੍ਰਵੇਸ਼ਧਾਰੀ ਅਮਰੀਕਾ ਦੀ ਨਿਕੋਲ ਮੇਲਿਚਾਰ ਅਤੇ ਬ੍ਰਿਟੇਨ ਦੀ ਐਨਾ ਸਮਿਥ ਨੇ 7-5, 7-6 ਨਾਲ ਹਰਾ ਕੇ ਉਲਟਫੇਰ ਦਾ ਸ਼ਿਕਾਰ ਬਣਾ ਦਿੱਤਾ। 

ਵਿੰਸਟਨ-ਸਲੇਮ ਓਪਨ ਏ.ਟੀ.ਪੀ. ਟੂਰਨਾਮੈਂਟ 'ਚ ਵਾਈਲਡ ਕਾਰਡ ਨਾਲ ਪ੍ਰਵੇਸ਼ ਕਰਨ ਵਾਲੇ ਅਨੁਭਵੀ ਭਾਰਤੀ ਖਿਡਾਰੀ ਪੇਸ ਅਤੇ ਪੂਰਵ ਰਾਜਾ ਦੀ ਜੋੜੀ ਨੇ ਵੀ ਨਿਰਾਸ਼ ਕੀਤਾ ਅਤੇ ਪੁਰਸ਼ ਡਬਲਜ਼ ਦੇ ਪ੍ਰੀ ਕੁਆਰਟਰਫਾਈਨਲ ਮੈਚ 'ਚ ਇਟਲੀ ਦੇ ਪਾਬਲੋ ਲੋਰੇਂਜੀ ਅਤੇ ਕ੍ਰੋਏਸ਼ੀਆ ਦੇ ਫ੍ਰੈਂਕੋ ਸੁਕਗੋਰ ਦੀ ਜੋੜੀ ਨੇ ਉਨ੍ਹਾਂ ਨੂੰ ਸੁਪਰ ਟਾਈਬ੍ਰੇਕ 'ਚ 6-7, 6-3, 10-5 ਨਾਲ ਹਰਾ ਦਿੱਤਾ।